ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੧੦ )
ਪ੍ਰੇਮ-ਹਠ
ਪ੍ਰਸ਼ਨ-
'ਮਲਕੀ' ਆਖਦੀ ਬੀਤ ਗਈ ਉਮਰ ਹੀਰੇ,
ਤੈਨੂੰ ਅਜੇ ਨਹੀਂ ਫ਼ਹਿਮ ਇਦਰਾਕ ਆਯਾ!
ਤੇਰੇ ਸੀਸ ਤੇ ਕਿਆ ਲਡਿੱਕੀਏ ਨੀ,
ਭੂਤ ਪ੍ਰੇਮ ਦਾ ਮਾਰ ਪੁਲਾਕ ਆਯਾ!
ਚਾਦਰ ਸ਼ਰਮ ਹਯਾ ਤੂੰ ਚੀਰ ਸੁੱਟੀ,
ਸਾਡੇ ਘਰ ਏਹ ਜਦੋਂ ਦਾ ਚਾਕ ਆਯਾ!
ਬਦਲੇ ਮਹੀਆਂ ਦੇ ਸਾਨੂੰ ਹੀ ਚਾਰਿਆ ਸੂ,
ਵਾਗੀ ਵੱਗ ਦਾ ਜਿਹਾ ਚਲਾਕ ਆਯਾ!
ਸਾਨੂੰ ਏਸ ਗੱਲੇ ਢਾਹ ਢਾਹ ਮਾਰਨੀ ਏਂ,
ਘੁਲ ਕੇ ਭਾਬੀਆਂ ਨਾਲ ਘੁਲਾਕ ਆਯਾ!
ਭਰਮ ਭਾ ਗਵਾ ਕੇ ਭਾਈਆਂ ਦਾ,
ਸਾਨੂੰ ਕਰਨ ਹੌਲਾ ਵਾਂਗ ਕਾਕ ਆਯਾ!
ਡੋਕੇ ਬੂਰੀਆਂ ਦੇ ਚੁੰਘ ਕੇ ਫਿਟ ਗਿਆ,
ਨੀਂ, ਇਹ ਦੁੱਧ ਦਾ ਵੱਡਾ ਪਿਆਕ ਆਯਾ!
ਤੇਰੀਆਂ ਚੂਰੀਆਂ ਕੀਕਰ ਪਚਾਉਂਦਾ ਇਹ,
ਜੇੜ੍ਹਾ ਗੋਜੀ ਦੀ ਖਾਂਦਾ ਖ਼ੁਰਾਕ ਆਯਾ !