ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੧੫)
ਬਦਲੇ ਦਿਲ ਦੇ ਪਵੇਗਾ ਦਿਲ ਦੇਣਾ,
ਏਸ ਗੱਲ ਨੂੰ ਵੀ ਯਾਦ ਰੱਖਣਾ ਜੇ!
ਇੱਕ ਹੱਥ ਦੇਵੋ, ਇੱਕ ਹੱਥ ਲੈ ਲਓ,
ਜਾਨੀ ਵਣਜ ਇਹ ਬੜਾ ਸੁਲੱਖਣਾ ਜੇ!
ਦੇਣੇ ਪੈਣਗੇ ਪ੍ਰੇਮ ਦੇ ਜਾਮ ਭਰ ਭਰ
ਅਸਾਂ ਰੋਹਬ ਨਾ ਝੱਲਣਾ ਸੱਖਣਾ ਜੇ!
ਹੁਣੇ ਫੈਸਲਾ 'ਸ਼ਰਫ਼' ਦੇ ਨਾਲ ਕਰ ਲਓ,
ਪਿੱਛੋਂ ਕੰਗ ਮਚਾਉਣੀਏਂ ਮੱਖਣਾ ਜੇ?
ਦੇਕੇ ਥਾਪਣਾ ਲਾਰਿਆਂ ਝੂਠਿਆਂ ਦੀ,
ਮੈਨੂੰ ਵਿੱਚ ਉਡੀਕ ਨਾਂ ਗੱਡ ਜਾਂਦੋਂ!
ਜੇ ਤੂੰ ਚਲਿਆ ਹੀ ਜਾਣਾ ਸੀ ਦਗ਼ੇ ਬਾਜ਼ਾ,
ਮੇਰੀ ਦੀਦ ਹਸਰਤ ਤੇ ਕੱਢ ਜਾਂਦੋਂ?
ਨਹੀਂ ਤੇ ਜ਼ੁਲਫ਼ਾਂ ਦੀ ਕਾਤਲਾ ਪਾ ਫਾਂਸੀ,
ਮੇਰਾ ਰੋਜ਼ ਦਾ ਫਾਹ ਇਹ ਵੱਢ ਜਾਂਦੋਂ!
ਸਾਰੀ ਉਮਰ ਪੀਂਦਾ ਤੇਰੇ ਪੈਰ ਧੋ ਧੋ,
ਜੇ ਨਾਂ 'ਸ਼ਰਫ਼' ਨੂੰ ਰੋਂਦਿਆਂ ਛੱਡ ਜਾਂਦੋਂ!
ਪੱਕੀ ਤਰਾਂ ਨਾਂ ਪਾਈ ਸੀ ਪ੍ਰੀਤ ਅਜੇ,
ਬੁੱਝ ਲਈ ਸੀ ਲੋਕਾਂ ਤੜੱਕ ਕਰਕੇ!
ਦੂਜੇ ਕੰਨ ਨਹੀਂ ਅੱਜ ਆਵਾਜ਼ ਪਹੁੰਚੀ,
ਟੁੱਟ ਪਈ ਏ ਜਦੋਂ ਕੜੱਕ ਕਰਕੇ!