ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੧੪ )
ਲੁਟਕੀਆਂ
ਸ਼ਮ੍ਹਾ ਹੁਸਨ ਦੀ ਪਰਦਾ ਫਾਨੂਸ ਅੰਦਰ,
ਤੁਸਾਂ ਕਦੋਂ ਤਕ ਪਿਆਰਿਆ ਬਾਲਨੀ ਏਂ!
ਸੁੱਟ ਸ਼ੋਹਲਾ ਕੋਹਤੂਰ ਦਾ ਸਾੜ ਛੇਤੀ,
ਜੇ ਤੂੰ ਏਸੇ ਤਰਾਂ ਜਾਨ ਜਾਲਨੀ ਏਂ!
ਮੇਰੀ ਜਾਨ ਚਲ ਛੱਡ ਹੁਨ ਜਾਨ ਭੀ ਦੇਹ,
ਕੀ ਪ੍ਰਦੇਸੀਆਂ ਦੀ ਗੱਲ ਟਾਲਨੀ ਏਂ!
ਜੇਕਰ ਹੋਵੇ ਮਨਜ਼ੂਰ ਤੇ ਦਿਲ ਲੈ ਲਓ,
'ਸ਼ਰਫ਼' ਕੋਲ ਏਹੋ ਮੂੰਹ ਵਖਾਲਨੀ ਏਂ!
ਲੈ ਲਓ ਦਿਲ ਪਰ ਸਾਂਭਕੇ ਕੋਲ ਰੱਖੋ,
ਹੱਥਾਂ ਵਿੱਚ ਘਝੋਣਾ ਮਰੋੜਨਾ ਨਹੀਂ!
ਬੜਾ ਸੁਹਲ ਮਿਜ਼ਾਜ ਤੇ ਅੱਥਰਾ ਜੇ,
ਏਹਨੂੰ ਤੋੜਿਆਂ ਦੇ ਨਾਲ ਤੋੜਨਾ ਨਹੀਂ!
ਬੜਾ ਨਾਜ਼ਕ ਜੇ ਮੋਤੀ ਦੇ ਕੱਚ ਕੋਲੋਂ,
ਇਹ ਜੇ ਟੁੱਟਿਆ ਤੇ ਕਿਸੇ ਜੋੜਨਾ ਨਹੀਂ!
ਨਾਲੇ ਹੁਣੇ ਹੀ ਪਰਖ ਲਓ ਖਰਾ ਖੋਟਾ,
ਪਿਛੋਂ 'ਸ਼ਰਫ਼' ਨੇ ਏਸਨੂੰ ਮੋੜਨਾ ਨਹੀਂ!