ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੩ )

ਮੈਂ ਕਦ ਰਾਜ਼ੀ ਸਾਂ ਏਸ ਝੁਲ੍ਹਾ ਉੱਤੇ,
ਤੁਸਾਂ ਸੱਦਿਆ ਸੈਦਾ ਰੁਲਾਕ ਆਯਾ!
ਬਦੋ ਬਦੀ ਨਹੀਂ ਕਦੀ ਵਿਆਹ ਹੁੰਦੇ,
ਐਵੇਂ ਵਾਜਿਆਂ ਦੀ ਪਾਉਂਦਾ ਧਾਕ ਆਯਾ!
ਮੇਰੀ ਮੌਤ ਦੀ ਪੜ੍ਹੇਗਾ ਮੇਲ ਚਿੱਠੀ,
ਇਜ਼ਰਾਈਲ ਖੇੜਾ ਲੈਕੇ ਡਾਕ ਆਯਾ!
ਛੁਰੀ ਸਗਨ ਦੀ ਪਕੜਕੇ ਹੱਥ ਜ਼ਾਲਮ,
ਨੀ ਏਹ ਮੁੱਝ ਨੂੰ ਕਰਨ ਹਲਾਕ ਆਯਾ!
ਸ਼ਾਨ ਰੱਬ ਦੀ ਖੇੜਿਆਂ ਝੇੜਿਆਂ ਲਈ,
ਰੰਗ ਰੰਗ ਦਾ ਖਾਣਾ ਖ਼ੁਰਾਕ ਆਯਾ।
ਨਾਂ ਕੋਈ ਰਾਂਝੇ ਗ਼ਰੀਬ ਨੂੰ ਪੁੱਛਦਾ ਏ,
ਜੇੜ੍ਹਾ ਲੰਮੀਆਂ ਮੰਜ਼ਲਾਂ ਝਾਕ ਆਯਾ!
ਅੱਗੇ ਜੱਨਤ ਹਜ਼ਾਰਿਓਂ ਵਾਂਗ ਆਦਮ,
ਹੋਕੇ ਹੱਥੋਂ ਭਰਾਵਾਂ ਗ਼ਮਨਾਕ ਆਯਾ!
ਚੱਕੀ ਦੁੱਖਾਂ ਦੀ ਤੁਸਾਂ ਭੀ ਪੀਸ ਦਿੱਤਾ,
ਹੈਸੀ ਕਣਕ ਵਾਂਗੂੰ ਸੀਨਾ ਕਾਕ ਆਯਾ!
ਵੇਖ ਵੇਖ ਮਾਏ ਓਹਦੇ ਹਾਲ ਉੱਤੇ,
ਝੜੀਆਂ ਬੰਨ੍ਹਕੇ 'ਹੁਫਤ ਅਫਲਾਕ' ਆਯਾ!
ਅੱਧੜ ਵੰਜਾ ਕਬੂਲ ਰੰਝੇਟੜੇ ਦਾ,
ਚੁੱਲ੍ਹੇ ਪਾ ਜੋ ਜੋੜਾ ਪੁਸ਼ਾਕ ਆਯਾ !
ਨੀ ਮੈਂ ਓਸ ਰੰਝੇਟੇ ਦੀ 'ਸ਼ਰਫ਼' ਬਾਂਦੀ,
ਜਿਦ੍ਹੇ ਵਾਸਤੇ ਤਾਜ ਲੌਲਾਕ ਆਯਾ !