ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੭ )

ਬੜੇ ਸ਼ੌਕ ਦੇ ਨਾਲ ਸੀ ਪਿਆਰ ਪਾਯਾ,
ਨਹੀਂ ਸੀ ਖ਼ਬਰ ਇਹ ਦੁੱਖ ਸਹਾਰਨੇ ਸਨ!
ਓਸ ਵੇਲੇ ਇਹ ਦਿਨ ਨ ਯਾਦ ਆਏ,
ਰੋ ਰੋ ਕੇ ਜੇਹੜੇ ਗੁਜ਼ਾਰਨੇ ਸਨ!
ਲਾ ਲਾ ਸੋਖਤਾਂ ਤੇਰੀਆਂ ਪਿਆਰਿਆ ਓ,
ਤਾਹਨੇ ਦੋਸਤਾਂ ਵੀ ਮੈਨੂੰ ਮਾਰਨੇ ਸਨ!
ਤੁਸਾਂ ਕਦੀ ਨ 'ਸ਼ਰਫ਼' ਨੂੰ ਪੁੱਛਣਾ ਸੀ,
ਹਰਦਮ ਬੈਠਕੇ ਵਾਲ ਸਵਾਰਨੇ ਸਨ!

ਮੇਰੇ ਪਿਆਰਿਆ ਤੇਰੇ ਈ ਦਮ ਬਦਲੇ,
ਝਿੜਕਾਂ ਝੱਲੀਆਂ ਇੱਕ ਇੱਕ ਧਿਰ ਦੀਆਂ ਨੇ!
ਏਹਨਾਂ ਕਿਤੇ ਨਹੀਂ ਛੱਡਿਆ ਜਾਣ ਜੋਗਾ,
ਤੇਰੀ ਕੰਘੀ ਦੇ ਵਿੱਚ ਜੋ ਘਿਰਦੀਆਂ ਨੇ !
ਚਲੇ ਕੰਘੀ ਤੇ ਚਲਦੀ ਹੈ ਆਰੀ,
ਨਿਕਲੇ ਚੀਰਨੇ ਤੇ ਘਟਾਂ ਚਿਰਦੀਆਂ ਨੇ !
ਰੋਵਾਂ ਮੈਂ ਤੇ ਵੱਸਦੀ ਹੈ ਬਰਖਾ,
ਹੱਸੇਂ ਤੂੰ ਤੇ ਬਿਜਲੀਆਂ ਗਿਰਦੀਆਂ ਨੇ !
ਠੇਡੇ ਖਾ ਖਾ ਕੇ ਤੇਰੀ ਗਲੀ ਅੰਦਰ,
ਦੇਖ ਚਿਪਰਾਂ ਉਡੀਆਂ ਸਿਰ ਦੀਆਂ ਨੇ !
'ਸ਼ਰਫ਼' ਕੀਕਰ ਇੱਕ ਝਲਕ ਦੇ ਨਾਲ ਨਿਕਲਣ,
ਦਿਲ ਵਿੱਚ ਸੱਧਰਾਂ ਜੋ ਚੋਖੇ ਚਿਰ ਦੀਆਂ ਨੇ !