ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੧੮)
ਬਿਜਲੀ ਦੀ ਲਿਸ਼ਕ
ਨੀਲੇ ਜਹੇ ਦੁਪੱਟੜੇ ਦਾ ਘੁੰਡ ਲਾਹਕੇ ਮੁਖੜੇ ਤੋਂ,
ਘੜੀ ਮੁੜੀ ਵੇਖਦੀ ਕੋਈ ਅੰਬਰਾਂ ਤੋਂ ਨਾਰੀ ਏ!
ਸਿਰ ਉੱਤੇ ਲੈਂਦਿਆਂ ਜਾਂ ਹੀਰਾ-ਕਣੀ ਕੱਪੜੇ ਦੀ,
ਝਿਲ ਮਲ ਕਰਦੀ ਪਈ ਗੋਟਾ ਤੇ ਕਨਾਰੀ ਏ!
ਬਿਜਲੀ ਦੇ ਚੂੜੇ ਵਾਲੀ ਬਾਂਹ ਜਾਂ ਉਤਾਂਹ ਕਰ,
ਨੂਰੀ ਜੇਹੀ ਚੀਰਨੀ ਤੇ ਦਾਉਣੀ ਸ਼ੰਗਾਰੀ ਏ!
ਕ੍ਰਿਸ਼ਨ ਜੀ ਦੇ ਗਲੇ ਵਿੱਚ ਪਿਆਰ ਤੇ ਪ੍ਰੇਮ ਨਾਲ,
ਹਾਰ ਜਾਂ ਪਹਿਨਾਉਂਦੀ ਪਈ ਰਾਧਾਂ ਜੀ ਪਿਆਰੀ ਏ!
ਕਾੜ ਕਾੜ ਸ਼ਾੜ ਸ਼ਾੜ ਚਾਬਕਾਂ ਦੀ ਵਾਜ ਆਵੇ,
ਕੀਤੀ ਰਾਣੀ ਕੋਕਲਾਂ ਨੇ ਭੋਜ ਤੇ ਸਵਾਰੀ ਏ!
ਕੜਕ ਏਹਦੀ ਸੁਣਕੇ ਕੜੱਕ ਦੌੜੀ ਸਹਿਮ ਨਾਲ,
ਕੌਂਤ ਗਲੇ ਜਾ ਲੱਗੀ ਕੋਈ ਮੁਟਿਆਰੀ ਏ!
ਜੱਗ ਕੀਤਾ ਚੁੰਨ੍ਹਾਂ ਮਿੰਨ੍ਹਾ ਜਲਵਾ ਦਿਖਾਲ ਕੇ ਤੇ,
ਅੱਖਾਂ ਵਿੱਚ ਫਿਰ ਗਈ ਕੋਈ ਤਿਖੀ ਜਹੀ ਕਟਾਰੀਏ!
ਚੰਦ ਨੂੰ ਘਸੀਟ ਕੇ ਤੇ ਅੰਬਰਾਂ ਦੇ ਵਿੱਚ ਲੈ ਗਈ,
ਨੂਰੀ ਜਹੀ ਕਮੰਦ ਐਸੀ ਓਹਲੇ ਹੋਕੇ ਮਾਰੀ ਏ !
ਤਾਰੇ ਵੀ ਵਿਚਾਰੇ ਸਾਰੇ ਡਰ ਮਾਰੇ ਲੁਕ ਗਏ ਨੇ,
ਟੋਹਰ ਵਿੰਨ੍ਹੀ ਆਈ ਕਿੱਥੋਂ ਏਹ ਚੰਚਲਹਾਰੀ ਏ?