ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੩੨ )
ਐਸਾ ਤੇਰੀ ਜੁਦਾਈ ਨੇ ਭੰਨ ਦਿੱਤਾ,
ਜਿੱਦਾਂ ਹੁੰਦੀ ਸੁਹਾਗੇ ਦੀ ਖਿੱਲ ਜਾਨੀ।
ਮੈਂ ਅਣਤਾਰੂ ਤੇ ਇਸ਼ਕ ਦੀ ਨੈਂ ਡੋਬੂ,
ਤੇਰੇ ਆਸਰੇ ਪਿਆ ਸਾਂ ਠਿਲ੍ਹ ਜਾਨੀ।
ਸਗੋਂ ਤੂੰ ਭੀ ਰੁਆ ਰੁਆ ਕੇ ਤੇ,
ਮੇਰੀ ਅਗਲੀ ਸੁਕਾਈ ਊ ਗਿੱਲ ਜਾਨੀ?
ਵੇਖੀਂ ਕੰਨ ਚਰੌਣੋਂ ਵੀ ਨਹੀਂ ਟੱਲਣਾ,
ਟਿੱਲੇ ਤੀਕ ਮੈਂ ਲਾਵਾਂਗਾ ਟਿੱਲ ਜਾਨੀ।
ਸਾਰਾ ਹਾਲ ਹਵਾਲ ਜੇ ਪੁਛਣਾ ਈਂ,
ਕਿਧਰੇ ਵੱਖਰਾ 'ਸ਼ਰਫ਼' ਨੂੰ ਮਿੱਲ ਜਾਨੀ
ਆਸ਼ਕ ਦੀਆਂ ਅੱਖੀਆਂ
ਕਿਸੇ ਪਾਸੇ ਵੀ ਰਹੇ ਨਾ ਜਾਨ ਜੋਗੇ,
ਕਾਫ਼ਰ ਦੇਖ ਕੇ ਤੇਰੇ ਅਕੀਦਿਆਂ ਨੂੰ
ਧੋਖੇ ਇਸਤ੍ਰਾਂ ਦੇ ਕੌਣ ਦੇਂਵਦਾ ਏ,
ਭਲਾ ਦੱਸ ਗ਼ੁਲਾਮਾਂ ਖ਼ਰੀਦਿਆਂ ਨੂੰ ।
ਅਗੇ ਕਦੀ ਕਦਾਈਂ ਸੀ ਦੀਦ ਹੁੰਦੀ,
ਅਸਾਂ ਆਸ਼ਕਾਂ ਬੇ ਉਮੀਦਿਆਂ ਨੂੰ ।
ਬੂਹੇ ਬਾਰੀਆਂ ਦੇ "ਸ਼ਰਫ਼" ਬੰਦ ਕਰਕੇ,
ਅੰਨ੍ਹਾਂ ਕੀਤਾ ਈ ਸਾਡਿਆਂ ਦੀਦਿਆਂ ਨੂੰ ।