ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੩੧)
ਜਾਨੀ
ਜ਼ਖ਼ਮੀ ਲੇਲੇ ਦੇ ਵਾਂਗ ਮੈਂ ਦਿਆਂ ਲਿੱਲਾਂ,
ਐਸੀ ਲਾਈ ਹੈ ਮੈਨੂੰ ਤੂੰ ਲਿੱਲ ਜਾਨੀ।
ਛਾਲੇ ਪਾ ਦਿੱਤੇ ਮੇਰੇ ਦਿਲ ਉੱਤੇ,
ਜ਼ੁਲਫ਼ਾਂ ਤੇਰੀਆਂ ਨੇ ਹਿੱਲ ਹਿੱਲ ਜਾਨੀ।
ਲਾ ਦਿੱਤੀ ਬਹਾਰ ਜਿਹੀ ਛਾਲਿਆਂ ਨੇ,
ਬਣਿਆਂ ਗੁੱਛਾ ਅੰਗੂਰਾਂ ਦਾ ਦਿੱਲ ਜਾਨੀ।
ਪੱਕ ਪੱਕ ਕੇ ਐਸਾ ਹੁਣ ਰੱਸਿਆ ਏ,
ਪਿਆ ਕਰੇ ਹਰ ਦਮ ਪਿੱਲ ਪਿੱਲ ਜਾਨੀ।
ਪਾ ਸਬਜ਼ਾ ਜ਼ਮੁੱਰਦ ਦਾ ਨੱਥਲੀ ਨੂੰ,
ਲਾ ਦਿੱਤੀ ਊ ਸਰੂ ਨੂੰ ਲਿੱਲ੍ਹ ਜਾਨੀ।
ਕਾਹਨੂੰ ਨਹੁੰ ਲੁਹਾਉਂਨਾ ਏ ਗ਼ੈਰ ਕੋਲੋਂ?
ਮੇਰੇ ਅੱਲੇ ਖਰੀਂਢ ਨਾ ਛਿੱਲ ਜਾਨੀ।
ਜੋਬਨ ਲੁੱਟਨਾ ਚਾਹੁੰਦੇ ਬੜੇ ਡਾਕੂ,
ਸਾਂਭ ਰੱਖ ਰਸਾਇਣ ਨੂੰ ਬਿੱਲ ਜਾਨੀ ।
ਲਾਈ ਤੇਰੇ ਪ੍ਰੇਮ ਨੇ ਚੋਟ ਐਸੀ,
ਚੂਰ ਹੋ ਗਈ ਏ ਸਬਰ ਦੀ ਸਿੱਲ੍ਹ ਜਾਨੀ।
ਪਿਆ ਧੱਪ ਕਿਆਮਤ ਦੀ ਢੂੰਢਦਾ ਹਾਂ,
ਰੋ ਰੋ ਅੱਖੀਆਂ ਨੇ ਕੀਤੀ ਸਿੱਲ ਜਾਨੀ।