ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੦)

ਤੁਸੀ ਪਿਰਤਪਾਲੂ ਮੁੱਢੋਂ ਆਜਜ਼ਾਂ ਦੇ
ਆਵੇ ਵਿੱਚ ਸਾੜੋ ਦੁਸ਼ਮਨ ਆਉਣ ਵਾਲੇ!
ਨਾਮ ਦੇਵ ਦੀ ਜਾਨ ਬਚਾਉਣ ਵਾਲੇ,
ਮੋਈ ਗਊ ਨੂੰ ਤੁਸੀ ਜੁਆਉਣ ਵਾਲੇ!
ਸਣੇ ਰਾਜਿਆਂ ਦੇ ਬੰਦੀ-ਛੋੜ ਦਾ ਦਿਲ,
ਕਲੀ ਕਲੀ ਦੇ ਵਾਂਗ ਖਿੜਾਉਣ ਵਾਲੇ!
ਕਾਲੀ ਰਾਤ ਵਿੱਚੋਂ ਕੱਢੋ ਦਿਨ ਚਿੱਟਾ,
ਤੁਸੀ ਕਾਵਾਂ ਦੇ ਹੰਸ ਬਣਾਉਣ ਵਾਲੇ!
ਤੁਸੀ ਕਰੋ ਸਾਬਤ ਲੂਹਲੇ ਪਿੰਗਲੇ ਨੂੰ,
ਬੇੜੇ ਸਿਦਕ ਦੇ ਨਹੀਂ ਅਟਕਾਉਣ ਵਾਲੇ!
ਕੇਹੜੇ ਗਾਵੀਏ ਕੇਹੜੇ ਨਾ ਗਾਵੀਏ ਜੀ,
ਗੁਣ ਜੱਸ ਸਭ ਆਪਦੇ ਗਾਉਣ ਵਾਲੇ!
ਤੁਹਾਡੇ ਨਾਲ ਮੁਕਾਬਲੇ ਜਿਨ੍ਹਾਂ ਕੀਤੇ,
ਉਨ੍ਹਾਂ ਉੱਤੇ ਭੀ ਰਹਿਮ ਕਮਾਉਣ ਵਾਲੇ!
ਅਸੀ ਪਾਪ ਕਰਦੇ ਨਹੀਂ ਸ਼ਰਮਾਉਣ ਵਾਲੇ,
ਤੁਸੀ ਰਹਿਮ ਕਰਦੇ ਨਹੀਂ ਘਬਰਾਉਣ ਵਾਲੇ!
ਆਲੀ ਬਾਰਗਾਹ ਵਿੱਚੋਂ ਸਵਾਲੀਆਂ ਨੂੰ,
ਤੁਸੀ ਕਦੀ ਨਹੀਂ ਖਾਲੀ ਫਿਰਾਉਣ ਵਾਲੇ।
ਸਦਕਾ ਆਪਣੇ ਕੁੱਲ ਪਿਆਰਿਆਂ ਦਾ,
ਤੁਸੀ 'ਸ਼ਰਫ਼' ਦੀ ਆਸ ਪੁਚਾਉਣ ਵਾਲੇ!