ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੩੫ )
ਘਰ ਜਾਏਂ ਤੇ ਨਰਗਸੀ ਫੁੱਲ ਲੈਕੇ,
ਸੁਟੇਂ ਅੱਖੀਆਂ ਦੇ ਉੱਤੋਂ ਵਾਰ ਸੋਹਣੇ।
ਤੈਂਨੂੰ ਫਿਰਦਿਆਂ ਤੁਰਦਿਆਂ 'ਸ਼ਰਫ' ਵੇਖਾਂ,
ਹੋਵੇ ਕਦੀ ਨਾਂ ਕੋਈ ਅਜ਼ਾਰ ਸੋਹਣੇ।
ਮੈਂ ਕੁਰਬਾਨ ਜਾਂ ਹਸ਼ਰ ਦੀ ਚਾਲ ਉੱਤੋਂ,
ਜ਼ਰਾ ਤਕ ਕੇ ਜਾਈਂ ਉਹ ਜਾਨ ਵਾਲੇ ।
ਤੇਰੇ ਰਾਹ ਵਿੱਚ ਬੈਠੇ ਹਾਂ ਮੁੱਦਤਾਂ ਦੇ,
ਅਸੀ ਜਾਨੀਆਂ ਨਾਜ਼ ਉਠਾਨ ਵਾਲੇ।
ਹਸ ਦੰਦਾਂ ਦੀ ਸਿਰਫ਼ ਪ੍ਰੀਤ ਸਾਡੀ,
ਮਥੇ ਵੱਟ ਨਹੀਂ ਹੀਰਿਆ ਪਾਨ ਵਾਲੇ।
ਗੁੱਸਾ ਨਾਲ ਪ੍ਰਦੇਸੀਆਂ 'ਸ਼ਰਫ' ਕੀ ਏ,
ਤੁਸੀ ਖੁਸ਼ੀ ਰਹੋ ਦੇਸ ਮਕਾਨ ਵਾਲੇ।