ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੩੮)
ਕਦੀ ਬੈਠਕੇ ਔਂਸੀਆਂ ਪਾਉਨੀ ਹਾਂ।
ਤੁਸੀ ਜਾਣੋਂ ਨ ਜਾਣੋਂ ਮੈਂ 'ਸ਼ਰਫ' ਬੰਦੀ,
ਪਈ ਗੀਤ ਤੁਸਾਡੜੇ ਗਾਉਂਨੀ ਹਾਂ।
ਜੁਮਾ:-ਕੈਂਹਦਾ ਏ ਮੇਰਾ ਨਹੀਂ ਕੋਈ ਜ਼ਿਮਾ,
ਜੋ ਕੁਝ ਕੀਤੀਆਂ ਲੇਖਾਂ ਨੇ ਕੀਤੀਆਂ ਨੇ।
ਹਾਏ ਹਾਏ ਜਾਨ ਭੀ ਤੱਤੀ ਦੀ ਨਿਕਲ ਦੀ ਨਹੀਂ,
ਲਖਾਂ ਜ਼ੈਹਰ ਪਿਆਲੀਆਂ ਪੀਤੀਆਂ ਨੇ।
ਤੁਸਾਂ ਕਦੀ ਭੀ ਸੋਹਨਿਆਂ ਪੁਛਿਆ ਨਹੀਂ,
ਤੇਰੇ ਹਿਜ਼ਰ ਅੰਦਰ ਜੋ ਜੋ ਬੀਤੀਆਂ ਨੇ।
ਅੱਲਾ ਵਾਸਤੇ 'ਸ਼ਰਫ਼' ਦਾ ਦਿੱਲ ਮੋੜੀਂ,
ਤੇਰੇ ਦਿਲ ਅੰਦਰ ਜੇ ਬਦ-ਨੀਤੀਆਂ ਨੇ।
ਹਫ਼ਤੇ:-ਹੋਰਾਂ ਦੇ ਦਬਕੇ ਮੈਂ ਸਹਵਾਂ ਕੀਕਰ,
ਹਿੱਮਤ ਰਹੀ ਨ ਮੁਝ ਹੁਸ਼ਨਾਕ ਅੰਦਰ।
ਤੇਰੇ ਇਸ਼ਕ ਕਸਾਈ ਨੇ ਛੁਰੀ ਫੜਕੇ,
ਕਰ ਛਡਿਆ ਏ ਚਾਕ ਚਾਕ ਅੰਦਰ।
ਦਸ ਕਿਸ ਤਰ੍ਹਾਂ ਤੈਨੂੰ ਮੈਂ ਘਲ ਦੇਵਾਂ,
ਹਾਲ ਲਿਖਕੇ ਆਪਨਾ ਡਾਕ ਅੰਦਰ।
ਜੇਹੜੀ ਦੋਜ਼ਖ਼ ਨੂੰ ਫੂਕ ਕੇ ਕਰੇ ਕੋਲਾ,
ਐਸੀ ਅੱਗ ਹੈ 'ਸ਼ਰਫ਼' ਗ਼ਮਨਾਕ ਅੰਦਰ।