ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੧੪੩ )
'ਸ਼ਰਫ' ਉਮਰ ਤੇ ਪੈਗਈ ਖੂਹ ਖਾਤੇ,
ਵਹੀਆਂ ਸਾਰੀਆਂ ਡੋਬ ਸੁਟੀਆਂ ਨੀ।
ਕਦੋਂ ਦੁਨੀਆਂ ਦੀ ਤੰਗੀ ਏਹ ਦੂਰ ਹੋਸੀ,
ਕਦੋਂ ਜਾਣ ਏਹ ਹੋਵਣੀ ਮੋਕਲੀ ਏ।
ਮੇਰੇ ਹਾਲ ਬੇ ਹਾਲ ਤੇ ਖ਼ਾਰ ਖਾਵੇ,
ਹਰ ਬਾਗ਼ ਅੰਦਰ ਯਾਰ ਵਜੋਕਲੀ ਏ।
ਕੰਢੇ ਇਸਤਰ੍ਹਾਂ ਦੇ ਬੀਜੇ ਰਾਹ ਅੰਦਰ,
ਮੈਨੂੰ ਵੇਖਕੇ ਪੈਂਦੀ ਹਰ ਰੋਕਲੀ ਏ।
ਸਫ਼ਰ ਖ਼ਰਚ ਨਾ ਪੱਲੇ ਤੇ ਰਾਹ ਔਖਾ,
ਸਿਰ ਤੇ ਬਦੀਆਂ ਦੀ 'ਸ਼ਰਫ' ਪੰਡ ਓਕਲੀ ਏ।
ਵਾਲਾਂ ਚਿਟਿਆਂ ਆਨ ਪੈਗ਼ਾਮ ਦਿੱਤਾ,
ਕੋਈ ਦਮ ਦੀ ਬਾਕੀ ਹਯਾਤ ਰਹ ਗਈ।
ਟੁਰ ਗਏ ਨਾਜ਼ ਅੰਦਾਜ਼ ਤੇ ਹੁਸਨ ਗਮਜ਼ੇ,
ਨਾਂ ਓਹ ਚੁਲਬੁਲੀ ਗਲ ਤੇ ਬਾਤ ਰਹਿ ਗਈ।
ਤੇਰੇ ਨਾਲ ਦੇ ਸਾਥੀ ਤੇ ਲੱਦ ਗਏ ਨੇ,
ਸੁੱਤੀ ਪਈ ਕਿਉਂ ਤੇਰੀ ਇੱਕ ਜ਼ਾਤ ਰਹਿ ਗਈ।
ਤਾਰਾ ਕੋਈ ਕੋਈ ਚਮਕਦਾ 'ਸ਼ਰਫ' ਸਿਰ ਤੇ,
ਉਠ ਗ਼ਾਫਲਾ ਥੋੜੀ ਜਹੀ ਰਾਤ ਰਹਿ ਗਈ।