ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੫੮)
ਇੱਕ ਦਿਨ ਕਿਹਾ ਦਸਮੇਸ਼ ਦੀ ਮੂਰਤੀ ਨੂੰ:-
'ਇਹਦੇ ਅਰਥ ਤਾਂ ਮੈਨੂੰ ਸਮਝਾ ਦੇਣਾ?
'ਕਦੀ ਭਗਤ ਬਣਨਾ' ਕਦੀ ਲੁਕ ਜਾਣਾ,
ਕਦੀ ਗੁਰੂ ਬਣਕੇ ਦਰਸ਼ਨ ਆ ਦੇਣਾ?
ਕਿਹਾ ਆਪ ਨੇ:-ਸੁਣੀਂ ਤੂੰ ਮੁਰਖਾ ਓ,
ਮੇਰੀ ਸੰਗਤ ਨੂੰ ਨਾਲੇ ਸੁਣਾ ਦੇਣਾ!
ਸੂਰਜ ਵਾਂਗ ਉਹ ਡੁੱਬਦੇ ਨਿਕਲਦੇ ਨੇ,
ਜਿੰਨਾਂ ਹੋਵੇ ਹਨੇਰ ਮਿਟਾ ਦੇਣਾ!
ਬੁੱਧੂ ਸ਼ਾਹ ਵਾਂਗੂੰ: ਜਿਨ੍ਹਾਂ ਪੁੱਤ ਵਾਰੇ,
ਸਣੇ ਕੁਲਾਂ ਉਹ ਤਾਰ-ਸਣਤੋੜ ਦਿੱਤੇ!
ਕਾਲੇ ਖ਼ਾਂ ਵਾਂਗੂ ਹੋ ਗਏ ਮੂੰਹ ਕਾਲੇ,
ਕਰਕੇ ਜਿਨ੍ਹਾਂ ਇਕਰਾਰ ਤ੍ਰੋੜ ਦਿੱਤੇ!
ਰਾਮ ਰਾਵਣ ਦਾ ਯੁੱਧ ਭੀ, ਹੋਯਾ ਐਸਾ,
ਪਰਲੋ ਤੀਕ ਨਹੀਂ ਕਦੇ ਭੁਲਾਉਣ ਵਾਲਾ।
ਮਹਾਂ ਭਾਰਤ ਦਾ ਨਕਸ਼ਾ ਭੀ ਜੱਗ ਉੱਤੋਂ
ਕੋਈ ਨਹੀਂ ਜੰਮਿਆਂ ਅਜੇ ਮਿਟਾਉਣ ਵਾਲਾ।
ਜੇਕਰ ਕੀੜੇ ਨੂੰ ਵੇਖੀਏ ਗਹੁ ਕਰਕੇ,
ਉਹ ਭੀ ਆਪੇ ਲਈ ਜਾਨ ਗਵਾਉਣ ਵਾਲਾ।
ਐਪਰ ਕਿਸੇ ਦੇ ਦੁੱਖ ਤੇ ਸੁੱਖ ਬਦਲੇ,
ਡਿੱਠਾ ਤੈਨੂੰ ਹੀ ਬੰਸ ਲੁਟਾਉਣ ਵਾਲਾ।
ਸ਼ਿਵਜੀ ਗੰਗਾ ਵਗਾਈ ਸੀ ਲਿਟਾਂ ਵਿੱਚੋਂ,
ਤੁਸਾਂ ਖੰਡੇ ਚੋਂ ਅੰਮ੍ਰਤ ਨਿਚੋੜ ਦਿੱਤੇ |