ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/191

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੭੧)

ਜੋਸ਼ ਤੇ ਖਰੋਸ਼ ਨਾਲ ਖੋਲ ਖੋਲ ਗੇਸੂਆਂ ਨੂੰ,
ਓਹਦੇ ਗੋਰੇ ਮੁਖ ਤੇ ਖਿਲਾਰ ਦੀ ਲੜਾਈ ਏ।
ਜਿਉਂ ਜਿਉਂ ਸਾਡੇ ਦੋਹਾਂ ਵਿੱਚ ਪੈਂਦਾ ਏ ਵਿਗਾੜ ਪਿਆ,
ਤਿਉ ਤਿਉਂ ਓਹਦੀ ਸ਼ਾਨ ਨੂੰ ਸਵਾਰਦੀ ਲੜਾਈ ਏ।
ਬਾਹਵਾਂ ਦੇ ਹੁਲਾਰੇ ਓਹਦੇ ਫਟਦੇ ਕਲੇਜਾ ਮੇਰਾ,
ਤੇਗ਼ ਬਿਨਾਂ ਓਹਦੀ, ਮੈਨੂੰ ਮਾਰ ਦੀ ਲੜਾਈ ਏ।
ਗਲ ੨ ਨਾਲ ਮੈਨੂੰ ਚਾਲਬਾਜ਼ ਮਾਤ ਕਰੇ,
ਹੁੰਦੀ ਜਿਉਂ ਅਨਾੜੀ ਤੇ ਖਡਾਰ ਦੀ ਲੜਾਈ ਏ।
ਮੇਰੀ ਓਹਦੀ ਦੁਬਤਾ ਤੇ ਹੜਬਾਂ ਦਾ ਭੇੜ ਹੈ ਇਹ,
ਆਪੋ ਵਿੱਚ ਹੁੰਦੀ ਕਿਸ ਕਾਰ ਦੀ ਲੜਾਈ ਏ।
ਜੇਕਰ ਮੈਥੋਂ ਪੁਛਦਾ ਵੇ ਸਚ ੨ ਆਖਨਾਂ ਹਾਂ
ਅੱਗਾ ਪਿਛਾ ਰਤਾ ਨਾਂ ਵਿਚਾਰਦੀ ਲੜਾਈ ਏ।
ਸਾਰੀ ਕੀਤੀ ਕੱਤਰੀ ਇਹ ਮੁੱਦਤਾਂ ਤੇ ਵਰਿਆਂ ਦੀ,
ਪਲਾਂ ਵਿੱਚ ਆਨਕੇ ਵਸਾਰਦੀ ਲੜਾਈ ਏ।
ਪੈਸਾ ਭਰ ਜੀਬ ਪਹਿਲੋਂ ਗੁਸੇ ਵਿੱਚ ਹਿੱਲ ਜਾਵੇ,
ਪਿੱਛੋਂ ਰੂਪ ਛਵੀਆਂ ਦਾ ਧਾਰਦੀ ਲੜਾਈ ਏ।
ਮੇਲ ਪਾਣੀ ਦੁਧ ਦਾ ਤੇ ਸੇਰਾਂ ਤੀਕ ਹੋਂਵਦਾ ਏ,
ਸਿਰਾਂ ਤੀਕ ਪੈਰ ਇਹ ਪਸਾਰਦੀ ਲੜਾਈ ਏ।
ਮੋਈਆਂ ਹੋਈਆਂ ਸੱਧਰਾਂ ਲਈ ਤਾਜ਼ੀ ਤਦਬੀਰ ਕਰਾਂ,
ਪਤ ਝੜ ਨਾਲ ਇਹ ਬਹਾਰ ਦੀ ਲੜਾਈ ਏ।
'ਸ਼ਰਫ਼' ਸਾਡੇ ਰੋਸਿਆਂ ਦਾ ਹਾਲ ਕੀ ਤੂੰ ਪੁਛਨਾਂ ਏਂ,
ਮੇਰੀ ਓਹਦੀ ਹੁੰਦੀ ਇਹ ਪਿਆਰ ਦੀ ਲੜਾਈ ਏ।