ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੭੩)
ਕੁੰਡੀ ਜ਼ੁਲਫ਼ ਦੀ ਲਾ ਫਸਾ ਮਾਹੀ,
ਮਛੀ ਵਾਂਗ ਤੜਫਾ ਕੇ ਮਾਰਿਆ ਓ।
ਤੇਰੇ ਇਸ਼ਕ, ਚ ਕੱਖਾਂ ਥੀਂ ਹੋਇਆ ਹੌਲਾ,
ਦਗੇਬਾਜ਼ ਫ਼ਰੇਬੀਆ ਭਾਰਿਆ ਓ।
ਬੋਲ ਤੋਲ ਤੇਰਾ ਨਾਂ ਕੋਈ ਹੋਇਆ ਸੱਚਾ,
ਪੂਰਾ ਹੋਇਓਂ ਨਾਂ ਝੂਠਿਆ ਲਾਰਿਆ ਓ।
ਸਗੋਂ ਅਗਲੇ ਸਵਾਦੋਂ ਭੀ ਰਖਿਆ ਈ,
ਮੂੰਹ ਲਗ ਕੇ ਕੌੜਿਆ ਖਾਰਿਆ ਓ।
ਗੱਲਾਂ ਫਿਕੀਆਂ ਤੇਰੀਆਂ ਨਜ਼ਰ ਆਈਆਂ,
ਬੋਲਨ ਵਿੱਚ ਹੈਂ ਖੂਬ ਕਰਾਰਿਆ ਓ।
ਸਾਡੇ ਹਾਲ ਦੀ ਖ਼ਬਰ ਕੀ ਹੋਵੇ ਤੈਨੂੰ,
ਤੂੰ ਤੇ ਆਪਣਾ ਆਪ ਸਵਾਰਿਆ ਓ
ਮੇਰੀ ਸੋਨੇ ਜਹੀ ਦੇਹੀ ਨੂੰ ਗਾਲ ਦਿੱਤਾ,
ਪਾ ਕੇ ਹਿਜਰ ਕੁਠਾਲੀ ਸੁਨਿਆਰਿਆ ਓ।
ਸਿਰ ਤੇ ਲੈਂਦਿਆਂ ਜ਼ਿਮੀਂ ਤੇ ਲਮਕਨਾਂ ਏਂ,
ਪਾਟ ਜਾਇਂਗਾ ਸ਼ੋਖ਼ ਸਲਾਰਿਆ ਓ।
ਏਸ ਜੋਬਨ ਜਵਾਨੀ ਦੇ ਵਿੱਚ ਜਾਨੀ,
ਰਹਿਸੇਂ ਕਦੋਂ ਤਕ ਭਲਾ ਸ਼ੰਗਾਰਿਆ ਓ।
ਯੂਸਫ਼ ਵਾਂਗ ਇਸ ਮਿਸਰ ਬਜ਼ਾਰ ਅੰਦਰ,
ਕੋਈ ਦੱਮ ਦਿਆ ਹੁਸਨ ਨਜ਼ਾਰਿਆ ਓ।
ਓੜਕ ਓਸ ਸਰਾਫ਼ ਨੇ ਪਰਖਨਾਂ ਏਂ,
ਝੂਠਾ ਵਾਂਗ ਮੁਲੰਮੇਂ ਚਮਕਾਰਿਆ ਓ।