ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/205

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੮੫)

ਗੱਲ ਵਿੱਚ ਜ਼ੁਲਫ਼ਾਂ ਦਸਤ ਪਰਾਂਦਾ,
ਮਾਹੀ ਮੇਰਾ ਰੁਸਿਆ ਜਾਂਦਾ।
ਜਾਓ ਸਈਓ ਕੋਈ ਮੋੜੇ,
ਸੋਹਣੀਆਂ ਜ਼ੁਲਫ਼ਾਂ ਵਾਲਿਆ।
ਨਾਂ ਕਰ ਐਡੇ..........।
"ਸ਼ਰਫ਼" ਰਹਵਾਂ ਮੈਂ ਓਹਦੀ ਨੌਕਰ,
ਜੋੜੇ ਝਾੜਾਂ ਫੇਰਾਂ ਬੌਹਕਰ।
ਜੇਹੜਾ ਟੁਟਦੀ ਯਾਰੀ ਕੋਈ ਜੋੜੇ,
ਸੋਹਣੀਆਂ ਜ਼ੁਲਫ਼ਾਂ ਵਾਲਿਆ।
ਨਾਂ ਕਰ ਐਡੇ...........।

॥ਦੋਹਰਾ॥

ਖ਼ਬਰ ਹੁੰਦੀ ਜੇ ਪਹਿਲੋਂ ਮੈਂਨੂੰ,
ਐਡਾ ਪਿਆਰ ਵਧੌਂਦੀ ਨਾਂ।
ਜ਼ੁਲਫ ਤੇਰੀ ਨੂੰ ਚੁੰਮ ੨ ਜਾਨੀ,
ਗੱਲ ਵਿੱਚ ਫਾਹੀਆਂ ਪਾਉਂਦੀ ਨਾਂ।
ਕਲੀਆਂ ਵਰਗੇ ਦੰਦਾਂ ਉੱਤੇ,
ਜੇਕਰ ਪਹਿਲੋਂ ਦਿਲ ਭਰਮਾਉਂਦੀ ਨਾਂ।
ਹਿਜਰ ਤੇਰੇ ਵਿੱਚ 'ਸ਼ਰਫ਼' ਤੱਤੀ ਮੈਂ,
ਅਜ ਏਦਾਂ ਕੁਰਲਾਉਂਦੀ ਨਾਂ।