ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੧੮੬)
ਗੀਤ
ਮੋਇਆਂ ਨੂੰ ਨਾਂ ਮਾਰ ਬੇ-ਦਰਦਾ॥
ਲੁਕ ਛੁਪ ਜਾਨੀ ਝਾਤੀਆਂ ਪਾਵੇਂ,
ਵਿੱਚ ਕਲੇਜੇ ਦੇ ਛੁਰੀਆਂ ਲਾਵੇਂ।
ਇਹ ਕੀ ਕਰਨਾਂ ਏਂ ਕਾਰ ਬੇ-ਦਰਦਾ,
ਮੋਇਆਂ ਨੂੰ ਨਾਂ ਮਾਰ ਬੇ-ਦਰਦਾ।
ਸਾਨੂੰ ਤੇਰਾ ਇਸ਼ਕ ਮਰੋੜੇ,
ਨਾਂ ਕਰ ਐਡੇ ਤੋੜ ਵਛੋੜੇ।
ਇਹ ਜੋਬਨ ਦਿਨ ਚਾਰ! ਬੇ-ਦਰਦਾ,
ਮੋਇਆਂ ਨੂੰ ਨਾਂ ਮਾਰ ਬੇ-ਦਰਦਾ।
ਇਸ਼ਕ ਤੇਰੇ ਨੇ ਭਾਂਬੜ ਬਾਲੇ,
ਕੋਲੇ ਵਾਂਗੂੰ ਤਨ ਮਨ ਜਾਲੇ।
'ਸ਼ਰਫ਼' ਸੜੀ ਨੂੰ ਠਾਰ ਬੇ-ਦਰਦਾ,
ਮੋਇਆਂ ਨੂੰ ਨਾਂ ਮਾਰ ਬੇ-ਦਰਦਾ।
॥ਦੋਹਿਰਾ॥
ਸਾਡੇ ਵਲ ਨਾਂ ਤਕੇਂ ਜਾਨੀ ਨਾਲ ਗ਼ੈਰਾਂ ਦੇ ਬੋਲੇਂ।
ਘੋਗੇ ਫੜ ੨ ਝੋਲੀ ਪਾਵੇਂ ਮੋਤੀ ਚਿੱਕੜ ਰੋਲੇਂ।
ਸੁਰਮੇ ਵਾਲਿਆਂ ਨੈਣਾਂ ਅੰਦ੍ਰ ਸਬਰ ਮੇਰਾ ਜੇ ਤੋਲੇਂ।
ਸੋਹਣਾ 'ਸ਼ਰਫ਼' ਵੀ ਰਬਦੇ ਖੌਫ਼ੋਂ ਬੇੜੀ ਵਾਂਗੂੰ ਡੋਲੇਂ।