ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/207

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੮੭)

ਗੀਤ

ਸੌ ੨ ਵਾਰੀ ਵੇਖ ਪਿਆਰੀ ਮੇਰੇ ਦਿਲ ਦਾ ਸ਼ੀਸ਼ਾ।
ਸੜ ੨ ਬ੍ਰਿਹੋਂ ਵਾਲੀ ਅੱਗੇ, ਛਾਲੇ ਪੈ ਗਏ ਬੱਗੇ ਬੱਗੇ।
ਦਿਲ ਵਿੱਚ ਕਿੱਲ ਬਲੌਰੀ ਲਗੇ।
ਐਸਾ ਜੁੜਿਆ ਸੀਂਨੇ ਦੇ ਵਿੱਚ ਹੁਣ ਨਹੀਂ ਹਿਲਦਾ ਸ਼ੀਸ਼ਾ।
ਸੌ ੨ ਵਾਰੀ ਵੇਖ ਪਿਆਰੀ, ਮੇਰੇ ਦਿਲ ਦਾ ਸ਼ੀਸ਼ਾ।
ਸੁੰਦ੍ਰ ਕਾਂਟੇ ਕੰਨੀ ਲਮਕਨ, ਵਿੱਚ ਨਗੀਂਨੇ ਏਦਾਂ ਚਮਕਨ।
ਤਾਰੇ ਜਿਉਂ ਕਰ ਅਖੀਆਂ ਝਮਕਨ।
ਧੌਨ ਹਿਲੇ ਤੇ ਨਾਲ ਹੁਲਾਰੇ ਹਰ ਇਕ ਹਿਲਦਾ ਸ਼ੀਸ਼ਾ।
ਸੌ ੨ ਵਾਰੀ ਵੇਖ਼ ਪਿਆਰੀ ਮੇਰੇ ਦਿਲ ਦਾ ਸ਼ੀਸ਼ਾ।
ਸ਼ੀਸ਼ੇ ਦਿਲ ਦੀ ਟੁਕੜੀ ਘੜਕੇ, ਰਖੀ ਤੇਰੀ ਮੂਰਤ ਜੜਕੇ।
ਜੇ ਇਕ ਵਾਰੀ ਵੇਖੇਂ ਫੜਕੇ।
ਆਪੇ ਆਖੇਂ ਏਹੋ ਜਿਹਾ 'ਸ਼ਰਫ਼' ਨਹੀਂ ਮਿਲਦਾ ਸ਼ੀਸ਼ਾ।
ਸੌ ੨ ਵਾਰੀ ਵੇਖ ਪਿਆਰੀ ਮੇਰੇ ਦਿਲ ਦਾ ਸ਼ੀਸ਼ਾ।