(੨੦੧)
ਲਾਵੇ ਜਦੋਂ ਆਣਕੇ ਦਲੀਲਾਂ ਦਾ ਬਜ਼ਾਰ ਗ਼ਮ!
ਖੁਸ਼ੀ ਦੇ ਦਿਹਾੜੇ ਪਹਿਲੇ ਗਿਣੇ ਮਿਥੇ ਜਾਂਵਦੇ ਨੇ,
ਔਣ ਲੱਗਾ ਪੁੱਛਦਾ ਨਹੀਂ ਕਿਸੇ ਕੋਲੋਂ ਵਾਰ ਗਮ!
ਭੰਡਾਂ ਤੇ ਭੰਡਾਰੀਆਂ ਦੀ ਖੇਡ ਖੇਡੇ ਨਾਲ ਮੇਰੇ,
ਇੱਕ ਮੁੱਕੀ ਲਾਹ ਦੂਜੀ ਰੱਖਦਾ ਤਿਆਰ ਗਮ!
ਖ਼ੁਸ਼ੀ ਵਿੱਚ ਭੁੱਲਾਂ ਏਹਨੂੰ, ਪਰ ਇਹ ਮੈਨੂੰ ਭੁੱਲਦਾ ਨਹੀਂ,
ਹੰਝੂਆਂ ਦੇ ਮੋਤੀਆਂ ਚੋਂ ਦੇਂਦਾ ਏ ਦੀਦਾਰ ਗ਼ਮ!
ਫੁੱਲ ਦਾ ਸੁਹੱਪਣ ਹੁੰਦਾ ਆਪੇ ਓਹਦੀ ਸਾਦਗੀ ਏ,
ਦੁਖੀਆਂ ਦੇ ਚੇਹਰਿਆਂ ਦਾ ਹੁੰਦਾ ਏ ਸ਼ਿੰਗਾਰ ਗ਼ਮ!
ਅੱਜ ਤੇ ਤੂੰ ਲਾ ਪਾ, ਕੱਲ੍ਹ ਦਾ ਭੀ ਰੱਬ ਵਾਲੀ,
ਰੋਕ ਦੇਕੇ ਐਸ਼, ਕਾਹਨੂੰ ਲੈਨਾ ਏਂ ਹੁਦਾਰ ਗਮ?
ਖ਼ੁਸ਼ੀ ਦੀ ਕਰੂੰਬਲ ਕੋਈ ਫੁੱਟਦੀ ਜ਼ਰੂਰ ਓਦੋਂ,
ਆਕੇ ਜਦੋਂ ਹੰਝੂਆਂ ਦੀ ਸੱਟਦਾ ਫੁਹਾਰ ਗ਼ਮ!
ਦਿਲਾਂ ਦਿਆਂ ਸ਼ੀਸ਼ਿਆਂ ਤੋਂ ਉੱਲੀ ਲਾਹੇ ਈਰਖਾ ਦੀ,
ਕਰੇ ਚਾ ਘੜਹੱਥਿਆਂ ਦਾ ਆਣਕੇ ਸੁਧਾਰ ਗ਼ਮ!
ਬੰਦਾ ਹੋਕੇ ਮੰਨਦਾ ਨਹੀਂ ਰੱਬ ਨੂੰ, ਓਹ ਤੁਸੀਂ ਜਾਣੋ,
ਦਿੱਤਾ ਜਿਨ੍ਹੇ ਜ਼ਿੰਦਗੀ 'ਚ ਮੌਤ ਦਾ ਵਿਸਾਰ ਗ਼ਮ!
ਰੱਬ ਚੇਤੇ ਆਉਂਦਾ ਏ ਭੁੱਲਿਆਂ ਨੂੰ ਭੀੜ ਵਿੱਚ,
ਸੱਚ ਪੁੱਛੋ ਆਤਮਾਂ ਨੂੰ ਦੇਂਦਾ ਏ ਸਵਾਰ ਗ਼ਮ!
'ਸ਼ਰਫ' ਤੂੰ ਕੁੜੰਘਾ ਕਰੇਂ ਕਿਸੇ ਦਾ ਅਨੰਦ ਕਿਉਂ?
ਪੈ ਗਿਆ ਏ ਸਿਰ ਜੇਹੜਾ ਆਪੇ ਹੀ ਸਹਾਰ ਗ਼ਮ!