ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/225

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੦੫)

ਕੋਇਲ



ਬੂਰ ਪਿਆ ਆ ਡਾਲੀ ਡਾਲੀ,
ਕੋਇਲ ਬੋਲੇ ਕਾਲੀ ਕਾਲੀ!
ਪੀਘਾਂ ਪਾਈਆਂ ਹਰ ਹਰ ਬੂਟੇ,
ਅੰਬੀਆਂ ਲੈਂਦੀਆਂ ਏਦਾਂ ਝੂਟੇ!
ਜਿੱਦਾਂ ਸਬਜ਼ ਪੁਸ਼ਾਕਾਂ ਪਾ ਕੇ,
ਖੜੀਆਂ ਹੋਣ ਹੁਸੀਨਾਂ ਆ ਕੇ!
ਕੰਨ ਉਨ੍ਹਾਂ ਦੇ ਕਾਂਟੇ ਲਮਕਨ,
ਨਗ਼ ਜ਼ਮੁਰਦੀ ਹਿਲ ਹਿਲ ਚਮਕਨ,
ਬੁੱਲਾ ਜਦੋਂ ਹਵਾ ਦਾ ਆਵੇ,
ਹਰੀ ਪਰਾਂਭਲ ਇਓਂ ਲਹਿਰਾਵੇ!
ਜਿਓਂ ਮੁਟਿਆਰ ਵਿਯੋਗਣ ਕੋਈ,
ਨਾਲ ਵਿਛੋੜੇ ਵਿਆਕੁਲ ਹੋਈ!
ਰਾਹ ਵੇਖੇ ਪਈ ਚੜ੍ਹੀ ਚੁਬਾਰੇ,
ਕੰਤ ਪਿਆਰੇ ਹੋਣ ਸਿਧਾਰੇ!
ਹੋਵੇ ਸਾਰਾ ਸਬਜ਼ ਪਹਿਰਾਵਾ,
ਉੱਡੇ ਸਿਰੋਂ ਦੁਪੱਟਾ ਸਾਵਾ!
ਰੁੱਤ ਐਸਾ ਕੋਈ ਮੰਤਰ ਪੜ੍ਹਿਆ,
ਹਰ ਹਰ ਬੂਟੇ ਜੋਬਨ ਚੜ੍ਹਿਆ!