ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੦੪)
ਸੁਰਮਾਂ ਕ੍ਯੋਂ ਨਹੀਂ ਬਣਦਾ ਪ੍ਯਾਰੇ?
ਅੱਖੀ, ਚਾਵਣ ਤੈਨੂੰ ਸਾਰੇ।
ਵੇਖ ਕਿਸੇ ਦੇ ਝੂਠ ਦਿਲਾਸੇ!
ਖੁਰਦਾ ਜਾਵੇਂ ਵਾਂਗ ਪਤਾਸੇ!
ਬੰਨ੍ਹ ਕਿਸੇ ਤੇ ਝੂਠ ਉਮੈਦਾਂ!
ਪਿਆ ਸਹੇੜੇ ਕਾਹਨੂੰ ਕੈਦਾਂ?
ਜੋ ਹੋਣਾ ਈ ਆਪੇ ਹੋ ਜਾ!
ਅਪਣੀ ਪੈਰੀਂ ਆਪ ਖਲੋ ਜਾ!
ਕਾਹਨੂੰ ਕੱਢੇਂ ਹਾੜੇ ਤਰਲੇ!
ਜੁਗਤਾਂ ਕਰਦੇ ਉਰਲੇ ਪਰਲੇ!
ਹੀਰਾ ਚਿੱਕੜ ਵਿੱਚ ਰੁਲਾਵੇਂ!
ਆਦਮ ਜੂਨੀ ਸ਼ਾਨ, ਘਟਾਵੇਂ!
ਮੁੱਠ ਤੇਰੀ ਵਿਚ ਕੁੱਲ ਖ਼ਜ਼ਾਨੇ!
ਭਰ ਦਿੱਤੇ ਨੇ ਓਸ ਖ਼ੁਦਾ ਨੇ!
ਗੱਲ ਤੇਰੇ ਤੋਂ ਨਹੀਂ ਕੋਈ ਖੁੰਝੀ!
ਹਰ ਕੁਦਰਤ ਦੀ ਤੂੰ ਹੈਂ ਕੁੰਜੀ!
ਹੁਣ ਹੈ ਅੱਗੋਂ ਹਿੰਮਤ ਤੇਰੀ!
ਕਰ ਉੱਦਮ ਯਾ ਢਾ ਦੇ ਢੇਰੀ!
ਜੋ ਕੁਝ ਦਿਲ ਹੈ ਤੇਰਾ ਕਰਦਾ!
ਮਾਲਕ ਹੋ ਯਾ ਬਣ ਜਾ ਬਰਦਾ!
ਹਿੰਮਤ, ਉੱਦਮ, ਕਰੇਂ ਦਲੇਰੀ!
'ਸ਼ਰਫ਼' ਹੋਵੇ ਤਾਂ ਇੱਜ਼ਤ ਤੇਰੀ!