ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੦੭)
ਏਧਰ ਛਾਲਾ ਚਿਲ ਚਿਲ ਕਰਦਾ,
ਅੰਬਾਂ ਵਾਗੂੰ ਪਿਲ ਪਿਲ ਕਰਦਾ!
ਬਿਤਰ ਬਿਤਰ ਪਈ ਕੋਇਲ ਤੱਕੇ
ਜੀਭ ਨਾਂ ਹਿੱਲੇ, ਬੋਲ ਨਾਂ ਸੱਕੇ!
ਬਾਗ਼ੀਂ ਤੋਤੇ ਟੁਕ ਟੁਕ ਖਾਵਨ,
ਲੱਖਾਂ ਪੰਛੀ ਮੌਜ ਉਡਾਵਨ!
ਬੰਨ੍ਹ ਰੁਮਾਲੀਂ ਲੋਕ ਲਿਜਾਂਦੇ,
ਬਰਫ਼ਾਂ ਦੇ ਵਿਚ ਲਾ ਲਾ ਖਾਂਦੇ!
ਪਰ ਏਹ ਕੋਇਲ ਕਰਮਾਂ ਮਾਰੀ,
ਹਾਵੇ ਹਹੁਕੇ ਲਵੇ ਵਿਚਾਰੀ!
ਸੁੱਕੀ ਟਿੰਘੇ ਬੈਠੀ ਤਰਸੇ,
ਖ਼ੂਨ ਫਲੂਹੇ ਵਿੱਚੋਂ ਬਰਸੇ!
ਡੁਬੀ ਹੋਈ ਵਿੱਚ ਕਿਆਸਾਂ,
ਲਹਿਰਾਂ ਬਣ ਬਣ ਉੱਠਣ ਆਸਾਂ!
ਸਿੱਪਾਂ ਵਾਂਗੂੰ ਚੁੰਝ ਪਿਆਰੀ,
ਮੀਟੀ ਹੋਈ ਹੈ ਦੁਖਿਆਰੀ!
ਛਾਲਾ ਅੰਦਰ ਪਾਇਆ ਹੋਇਆ,
ਮੋਤੀ ਵਾਂਗ ਲੁਕਾਇਆ ਹੋਇਆ!
ਖੂਹ ਵਿਚ ਪੈ ਗਈ ਏਹਦੀ ਸੇਵਾ,
ਭਾਗਾਂ ਵਾਲੇ ਖਾ ਗਏ ਮੇਵਾ!
ਵੇਖੋ ਏਹਦਾ ਭਾਗ ਨਿਖੁੱਟਾ,
ਅੰਬ ਮੁਕੇ ਤੇ ਛਾਲਾ ਟੁੱਟਾ!