ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੨੧)
ਬੁੜ੍ਹਕ ਬੁੜ੍ਹਕ ਕੇ ਤੋਤੇ ਚਿੜੀਆਂ,
ਖਿੱਦੂ ਵਾਂਗ ਅਗੇਰੇ ਰਿੜ੍ਹੀਆਂ।
ਸੱਚ ਆਂਖਾ ਮੈਂ ਏਸ ਜ਼ਮਾਨੇ,
ਮਤਲਬ ਦੇ ਨੇ ਕੁੱਲ ਯਰਾਨੇ।
ਮੈਂ ਇੱਕ ਟੰਗਾ ਨਿੱਤ ਖਲੋਕੇ,
ਕਰਾਂ ਦੁਆਵਾਂ ਹਰ ਦਮ ਰੋਕੇ।
ਤੇਰੇ ਬਦਲੇ ਏਡਾ ਰੋਵਾਂ,
ਜਦ ਮੈਂ ਰੋਵਾਂ, ਬੇਸੁਧ ਹੋਵਾਂ।
ਦੇਖ ਤਰੇਲ ਵਿਚਾਰੀ ਰੋਂਦੀ,
ਮੂੰਹ ਮੇਰੇ ਵਿਚ ਪਾਣੀ ਚੋਂਦੀ।
ਓਹੋ ਇੱਕ ਸਹੇਲੀ ਤੇਰੀ,
ਦੁਨੀਆਂ ਦੇ ਵਿਚ ਦਰਦਣ ਮੇਰੀ।
ਓਹ ਵੀ ਸੂਰਜ ਕੋਲੋਂ ਡਰਦੀ,
ਚੋਰੀ ਚੋਰੀ ਕਾਰੀ ਕਰਦੀ।
ਓਹਨੇ ਹੋਰ ਜਤਨ ਕੀ ਕਰਨੇ,
ਜੀਵਨ ਮੇਰਾ ਤੇਰੇ ਪਰਨੇ।
ਨਦੀਆਂ ਖੂਹ ਸਮੁੰਦਰ ਸਾਰੇ,
ਮੇਰੇ ਲਈ, ਨਿਕਾਰੇ ਖਾਰੇ।
ਛਮ ਛਮ ਕਰਦਾ ਜਾਨੀ ਆ ਜਾ,
ਆਕੇ ਮੇਰੀ ਜਾਨ ਬਚਾ ਜਾ।
ਘਰ ਗ਼ੈਰਾਂ ਦੇ ਗੱਜੇਂ, ਗੁੜ੍ਹਕੇਂ,
ਹੱਸੇਂ, ਵੱਸੇਂ ਨੱਚੇਂ ਭੁੜਕੇਂ।