(੨੨੪)
ਫੁੱਲ ਤੇ ਤੋਤਾ
ਤੋਤੇ ਨੂੰ ਇਕ ਆਖਣ ਲੱਗਾ ਫੁੱਲ ਗੁਲਾਬੀ ਰੋ ਕੇ?:-
'ਕਿਉਂ ਤੂੰ ਮੇਰੀ ਕਦਰ ਨ ਪਾਵੇਂ ਐਡਾ ਆਕਲ ਹੋਕੇ?
ਸਾਵੇ ਸਾਵੇ ਖੰਭ ਤੇਰੇ ਇਹ ਐਸੇ ਸੋਹਣੇ ਲੱਗਣ,
ਹਿਲ ਹਿਲ ਸਾਵੇ ਪੱਤਾਂ ਵਾਂਗੂੰ ਦਿਲ ਮੇਰੇ ਨੂੰ ਠੱਗਣ।
ਚੁੰਝ ਤੇਰੀ 'ਤੇ ਮੇਰੇ ਰੰਗੋਂ ਕੁਦਰਤ ਰੰਗ ਚੜ੍ਹਾਯਾ,
ਮੇਰੇ ਵਿੱਚੋਂ ਹੋਕੇ ਜ਼ਾਲਮ ਤੂੰ ਕਿਉਂ ਕਹਿਰ ਕਮਾਯਾ।
ਕਾਲੀ ਰੱਤੀ ਗਾਨੀ ਤੇਰੀ ਮੈਨੂੰ ਫਾਹੀਆਂ ਪਾਈਆਂ,
ਮਿੱਠੀ ਮਿੱਠੀ ਬੋਲੀ ਤੇਰੀ ਦਿਲ ਤੇ ਕਾਨੀਆਂ ਲਾਈਆਂ।
ਮਾਣ ਕਰੇਂ ਜੇ ਦਿਲ ਵਿਚ ਇਹ ਤੂੰ ਮੈਂ ਹਾਂ ਛੈਲ ਛਬੀਲਾ।
ਘੱਟ ਨਹੀਂ ਕੁਝ ਤੇਰੇ ਕੋਲੋਂ ਮੈਂ ਭੀ ਰੰਗ ਰੰਗੀਲਾ।
ਵੇਖ ਤ੍ਰੇਲ ਸੁਹੱਪਣ ਮੇਰਾ ਅੰਬਰ ਉੱਤੋਂ ਆਵੇ,
ਤਾਰਿਆਂ ਵਿੱਚੋਂ ਪਾਣੀ ਲੈਕੇ ਮੇਰਾ ਮੁੱਖ ਧੁਆਵੇ।
'ਵਾ ਰਾਂਣੀ' ਭੀ ਹੌਲੀ ਹੌਲੀ ਅੰਙਣ ਮੇਰੇ ਚੱਲੇ,
ਮੁੱਠੀ ਚਾਪੀ ਕਰਦੀ ਮੈਨੂੰ ਨਾਲੇ ਪੱਖਾ ਝੱਲੇ।
ਵੇਖ ਨਜ਼ਾਕਤ ਐਡੀ ਮੇਰੀ ਹੁਸਨ ਮੇਰੇ ਤੇ ਮੋਯਾ,
ਤੇਰਾ ਦਿਲ ਕਿਉਂ ਮੇਰੇ ਵੱਲੋਂ ਜ਼ਾਲਮ ਪੱਥਰ ਹੋਯਾ?
ਨਾਲ ਮੇਰੇ ਜੇ ਯਾਰੀ ਲਾਵੇਂ ਕਰੀਏ ਐਸ਼ ਬਹਾਰਾਂ,
ਸੀਨੇ ਵਿੱਚੋਂ ਕੱਢ ਸੁਗੰਧੀ ਤੇਰੇ ਉੱਤੋਂ ਵਾਰਾਂ।