ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੨੨੯)
ਰਾਮ ਸੱਤ ਹੈ ਏਹੋ ਜਹੀ ਵਿੱਦਿਆ ਨੂੰ,
ਜੇਕਰ ਵਿੱਦਿਆ ਏਹੋ ਸਦਾਂਵਦੀ ਏ।
ਓਹਨੂੰ ਕਿਹਾ ਮੈਂ:-ਕੋਰਿਆ ਕਾਗ਼ਜ਼ਾ ਓਏ,
ਭਲਾ ਤੈਨੂੰ ਕੀ ਸਾਰ ਹੈ ਵਿੱਦਿਆ ਦੀ?
ਜੀਹਦੇ ਪੈਰਾਂ 'ਚ ਸ਼ਹਿਨਸ਼ਾਹ ਤਾਜ ਰੱਖਣ,
ਇਹ ਓਹ ਉੱਚੀ ਸਰਕਾਰ ਹੈ ਵਿੱਦਿਆ ਦੀ।
ਜੀਹਦੇ ਵਿੱਚੋਂ ਪਰਮਾਤਮਾ ਨਜ਼ਰ ਆਵੇ,
ਇਹ ਓਹ ਨੂਰੀ ਚਮਕਾਰ ਹੈ ਵਿੱਦਿਆ ਦੀ।
ਜੀਹਦੇ ਫੁੱਲਾਂ ਨੂੰ ਡਰੀ ਨਹੀਂ ਪਤ ਝੜ ਦੀ
ਇਹ ਓਹ ਸਦਾ ਬਹਾਰ ਹੈ ਵਿੱਦਿਆ ਦੀ।
ਇਹ ਓਹ ਪਰੀ-ਜਿਸ ਕੌਮ ਦੇ ਸੀਸ ਉੱਤੇ,
ਸਾਯਾ ਆਪਣਾ ਆਣਕੇ ਪਾਂਵਦੀ ਏ।
ਲਾਕੇ ਖੰਭ ਇਹ ਓਸਨੂੰ ਫ਼ਲਸਫ਼ੇ ਦੇ,
ਪਈ ਅੰਬਰਾਂ ਉੱਤੇ ਉਡਾਂਵਦੀ ਏ।
ਬਿਨਾ ਇਲਮ ਦੇ ਆਦਮੀ ਹੋਵੇ ਏਦਾਂ,
ਕਿਸੇ ਮੋਰੀ ਦਾ ਜਿਸਤਰਾਂ ਪੁਲ ਹੋਵੇ।
ਉੱਤੋਂ ਲੰਘੇ ਜ਼ਮਾਨਾ ਤੇ ਉਮਰ ਹੇਠੋਂ,
ਪਰ ਨਾ ਓਹਨੂੰ ਕੋਈ ਓਹਨਾਂ ਦਾ ਮੁੱਲ ਹੋਵੇ।
ਹੋਵੇ ਨਾਰ ਅਵਿਦਿਆ ਕੇਹੀ ਸੁੰਦਰ,
ਪਰ ਓਹ ਕੰਤ ਬਦਲੇ ਏਸ ਤੁੱਲ ਹੋਵੇ:-
ਜਿੱਦਾਂ ਕਿਸੇ ਨੇ ਕੋਟ ਦੇ ਕਾਜ ਅੰਦਰ,
ਲਾਯਾ ਹੋਯਾ ਕੋਈ ਕਾਗਜ਼ੀ ਫੁੱਲ ਹੋਵੇ।