ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/277

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੫੭)

ਲੇਹ ਦੇ ਇਹ ਕੰਡੇ ਮੈਨੂੰ ਚੰਬੜੇ ਨੇ 'ਜਹੇ ਆ ਕੇ,
ਜਿਉਂ ਜਿਉਂ ਲਾਹਵਾਂ ਮਗਰੋਂ ਨਾ ਲਹਿੰਦੀਆਂ ਨੇ ਔਕੜਾਂ!
ਮਾਸਾ ਮਾਸ ਛੱਡਿਆ ਨਾ ਛੱਡੀ ਮੇਰੀ ਰੱਤ ਰੱਤੀ,
ਹੋਰ ਮੈਨੂੰ ਦੱਸੋ ਏਹ ਕੀ ਕਹਿੰਦੀਆਂ ਨੇ ਔਕੜਾਂ!
'ਸ਼ਰਫ਼' ਕਿਉਂ ਹਰਾਸਿਆ ਏਂ ਰੱਬ ਉੱਤੇ ਰੱਖ ਡੋਰੀ,
ਸਦਾ ਨਾਲ ਕਿਸੇ ਦੇ ਨਾ ਰਹਿੰਦੀਆਂ ਨੇ ਔਕੜਾਂ!

ਦੂਈ ਦਾ ਬੁਲਬੁਲਾ


ਸ਼ੌਂਕੀ ਬੰਸਰੀ ਦਾ ਨੰਦ ਲਾਲ ਮੇਰਾ,
ਮੈਨੂੰ ਦਸ ਦਿਓ ਨੀ ਕਿਹੜੀ ਵਲ ਗਿਆ ਜੇ?
ਹੈਂ ਹੈਂ! ਵੇਖੋ ਨੀ! ਹੁਣੇ ਸੀ ਕੋਲ ਮੇਰੇ,
ਹੁਣੇ ਅੱਖੀਆਂ ਵਿੱਚ ਓਹ ਛਲ ਗਿਆ ਜੇ!
ਲੱਭੋ! ਫੜੋ !! ਨੀ ਸਾਂਵਲਾ ਕਾਨ੍ਹ ਮੇਰਾ,
ਚੰਨ ਚਾਨਣੀ ਨਾਲ ਹੀ ਰਲ ਗਿਆ ਜੇ!
ਕੱਜਲ ਭਿੰਨੇ ਵਿਖਾਲਕੇ ਨੈਣ ਤਿੱਖੇ,
ਪੁੜੀ ਜਾਦੂ ਦੀ ਧੂੜਕੇ ਚਲ ਗਿਆ ਜੇ!
ਨਹੀਂ ! ਨਹੀਂ !! ਨੀ ਛੱਡਕੇ ਚੰਦ ਮੈਨੂੰ,
ਜਾਵੇ ਕਿਸਤਰ੍ਹਾਂ ਸਖੀਆਂ ਦੀ ਰਾਸ ਅੰਦਰ।
ਉਲਟੀ ਚਾਲ ਨ ਡਿੱਠੀ ਏ ਚੰਦ੍ਰਮਾਂ ਦੀ,
ਕਦੇ ਕਿਸੇ ਆਕਾਸ਼ ਇਤਿਹਾਸ ਅੰਦਰ!