ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੭੯)
ਵਿਧਵਾ ਦੀ ਅਪੀਲ
ਸ਼ਾਹੀ ਹਾਕਮਾ! ਸਦਾ ਤੂੰ ਸੁਖੀ ਵੱਸੇਂ,
ਦੁੱਖਾਂ ਵਾਲੜਾ ਸੁਣੀ ਬਿਆਨ ਮੇਰਾ।
ਜੰਮੀਂ ਘਰ ਪਤਵੰਤਿਆਂ ਸਾਊਆਂ ਦੇ,
ਕੀਤਾ ਮਾਪਿਆਂ ਬੜਾ ਧੁਮਾਨ ਮੇਰਾ:-
ਕੁੱਛੜ ਮਾਂ ਦੀ, ਗੱਦ ਪੰਘੂੜਿਆਂ ਦੀ,
ਮੋਤੀ ਵਾਂਗਰਾਂ ਚਮਕਿਆ ਸ਼ਾਨ ਮੇਰਾ।
ਬੈਠੀ, ਰਿੜ੍ਹੀ, ਖਲੋਤੜੀ, ਤੁਰੀ, ਨੱਸੀ,
ਓੜਕ ਲੰਘਿਆ ਸਮਾਂ ਨਧਾਨ ਮੇਰਾ।
ਸਈਆਂ, ਗੁੱਡੀਆਂ, ਪੀਂਘ, ਪਟੋਲ੍ਹਿਆਂ ਦਾ,
ਫੇਰ ਵੱਸਿਆ ਨਵਾਂ ਜਹਾਨ ਮੇਰਾ।
ਮੇਰੀ ਜ਼ਿਮੀਂ ਸੀ +ਖੇਨੂੰ ਦੀ ਬਣੀ ਹੋਈ,
ਹੈਸੀ ਥਾਲਾਂ ਦਾ ਬਣਿਆਂ ਅਸਮਾਨ ਮੇਰਾ।
ਚੰਗਾ ਹੁੰਦਾ ਜੇ ਓਦੋਂ ਹੀ ਮਰ ਜਾਂਦੀ,
ਓਸ ਵੇਲਿਓਂ ਨਿੱਜ ਵਿਛੁੰਨੀਆਂ ਮੈਂ।
ਸੋਹਣੀ ਉਮਰ ਸੀ ਬੋਦਿਆਂ ਪਲਕਿਆਂ ਦੀ,
ਵਾਲ ਵਾਲ ਹੁਣ ਗ਼ਮਾਂ ਪਰੁੰਨਿਆਂ ਮੈਂ।
+ਜ਼ਮੀਨ ਖੇਹਨੂੰ ਅਤੇ ਅਸਮਾਨ ਥਾਲ ਜੇਹਾ ਹੈ।