ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/300

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮੦)

ਓੜਕ ਵੰਡ ਪਟੋਲ੍ਹੜੇ ਸਖੀਆਂ ਨੂੰ,
ਕੱਢਣ ਲੱਗ ਪਈ ਚੋਲੀਆਂ ਚੁੰਨੀਆਂ ਮੈਂ।
ਪਾਣੀ ਲਾਡ ਪਿਆਰ ਦਾ ਪਾ ਪਾਕੇ,
ਮਾਂ ਪਿਓ ਹੋਂਵਦਾ ਰਿਹਾ ਕੁਰਬਾਨ ਮੇਰਾ,
ਗੂੜ੍ਹੀ ਛਤਰ ਛਾਂ ਮਿੱਠਿਆਂ ਪਿਆਰਿਆਂ ਦੀ,
ਬੂਟਾ ਉਮਰ ਦਾ ਹੋਯਾ ਜਵਾਨ ਮੇਰਾ।
ਅੰਤ ਘੜੀ ਕੁੜਮਾਈ ਦੀ ਆਣ ਢੁੱਕੀ,
ਮੈਨੂੰ ਮਾਪਿਆਂ ਨੇ ਵਿਆਹ ਵਰ ਦਿੱਤਾ।
ਸੋਲ੍ਹਾਂ ਵਰ੍ਹੇ ਜਿਸ ਬੂਟੇ ਨੂੰ ਪਾਲਦੇ ਰਹੇ,
ਸੋਘੀ ਕਿਸੇ ਦੀ ਅੱਜ ਓਹ ਕਰ ਦਿੱਤਾ।
ਚੌਂਕ ਫੁੱਲ ਪਾ ਸਗਨ ਦੇ ਤੱਤੜੀ ਨੂੰ,
ਸਿਰ ਤੇ ਪਿੱਟਣਾ ਉਮਰ ਦਾ ਧਰ ਦਿੱਤਾ।
ਦਿੱਤ ਦਾਜ ਦਿੱਤੀ ਐਡੀ ਪੇਕਿਆਂ ਨੇ,
ਘਰ ਕੁੜਮ ਦਾ ਬੂਹੇ ਤਕ ਭਰ ਦਿੱਤਾ।
ਕਲੀ ਤੋੜ ਸੰਜੋਗ ਦੇ ਬਾਗ਼ ਵਿੱਚੋਂ,
ਲੈਕੇ ਚੱਲਿਆ ਕੰਤ ਸੁਲਤਾਨ ਮੇਰਾ।
ਰਹਿ ਗਏ ਚਾਂਗਰਾਂ ਮਾਰਦੇ ਸਾਕ ਸਾਰੇ,
ਹੋਯਾ ਜ਼ਿੰਦਾ ਜਨਾਜ਼ਾ ਰਵਾਨ ਮੇਰਾ।
ਮੇਰੀ ਡੋਲੜੀ ਪਹੁੰਚ ਗਈ ਜਦੋਂ ਅੱਗੇ,
ਗਿਰਦੇ ਆਣਕੇ ਵਹੁਟੀਆਂ ਬਾਲ ਹੋ ਗਏ।
ਮੀਂਹ ਵਾਂਗ ਵਧਾਈਆਂ ਨੇ ਝੜੀ ਲਾਈ,
ਸਹੁਰੇ ਸਰੂਆਂ ਦੇ ਵਾਂਗ ਨਿਹਾਲ ਹੋ ਗਏ।