ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੯੨)
ਘੇਰਾ ਗ਼ਮਾਂ ਨੇ ਪਾਯਾ ਪ੍ਰਕਾਰ ਵਾਂਗੂੰ,
ਗੁੰਮ ਹੋ ਸੁਹਾਗ ਦੀ ਨੱਥ ਗਈ।
ਖੋਹਿਆ ਰੱਬ ਨੇ ਕੌਂਤ ਸੁਲਤਾਨ ਮੇਰਾ,
ਰਾਜ ਭਾਗ ਵਾਲੀ ਗੱਲ ਕੱਥ ਗਈ।
ਲੀੜੇ ਪਏ ਰੰਡੇਪੇ ਦੇ ਤਨ ਮੇਰੇ,
ਸ਼ਾਲ ਸਗਨਾਂ ਦੀ ਸੀਸ ਤੋਂ ਲੱਥ ਗਈ।
ਝੱਖੜ ਗ਼ਮਾਂ ਦਾ ਝੁੱਲਿਆ ਜਿਹਾ ਆਕੇ,
ਹੋਯਾ ਖ਼ੁਸ਼ੀ ਦਾ ਬੋਲ੍ਹ ਵੈਰਾਨ ਮੇਰਾ।
ਫੱਕਾ ਛੋਲਿਆਂ ਤੋਂ ਲੱਗੀ ਮਰਨ ਫ਼ਾੱਕੇ,
ਐਸਾ ਰੱਬ ਹੋਯਾ ਕਹਿਰਵਾਨ ਮੇਰਾ।
ਭੁੱਲਾ ਸੱਸ ਨੂੰ ਹੇਜ ਪਿਆਰ ਕਰਨਾ,
ਗੱਲ ਗੱਲ ਤੇ ਮਾਰਦੀ ਕੁੱਟਦੀ ਸੀ।
ਸਿਰ ਧੋਣ ਦਾ ਹੈਸਾਂ ਜੇ ਨਾਂ ਲੈਂਦੀ,
ਫੜ ਫੜ ਮੇਢੀਆਂ ਮੇਰੀਆਂ ਪੁੱਟਦੀ ਸੀ।
ਜੇ ਮੈਂ ਮੂੰਹੋਂ ਉਭਾਸਰਾਂ 'ਹਾਏ ਮਾਂ ਜੀ',
ਸਗੋਂ ਘੰਡੀਓਂ ਪਕੜਕੇ ਘੁੱਟਦੀ ਸੀ।
ਲੋਕੀ ਰੱਬ ਦਾ ਨਾਮ ਉਸ਼ੇਰ ਲੈਂਦੇ,
ਤੇ ਓਹ ਉੱਠ ਲੜਾਈ ਨੂੰ ਜੁੱਟਦੀ ਸੀ।
ਲਾ ਲਾ ਲੂਤੀਆਂ ਛਿੱਬੀਆਂ ਦੇ ਦੇ ਕੇ,
ਦਿੱਤਾ ਤੋੜ ਨਿਣਾਨ ਨੇ ਮਾਨ ਮੇਰਾ।
ਊਜਾਂ ਮੇਹਣਿਆਂ ਦੇ ਤੀਰ ਖਾ ਖਾ ਕੇ,
ਹੋਯਾ ਸਰੂ ਸਰੀਰ ਕਮਾਨ ਮੇਰਾ।