ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੯੬)
ਐਵੇਂ ਮਾਰੇਂ ਪਈ ਚਪੇੜਾਂ,
ਨਾਜ਼ਕ ਜੁੱਸੇ ਪੈਣ ਤਰੇੜਾਂ!
ਐਡ ਸਾਨੂੰ ਧੱਪੇ ਲਾਏ,
ਚੇਹਰੇ, ਸਾਡੇ ਲਾਲ ਬਣਾਏ!
ਆਉਂਦੀ ਜਾਂਦੀ ਧੱਕੇ ਮਾਰੇਂ,
ਫੇਰੇ ਪਾਉਂਦੀ ਮੂਲ ਨਾ ਹਾਰੇਂ,
ਬੇਸ਼ਰਮੇ ! ਤੂੰ ਸ਼ਰਮ ਨਾ ਖਾਵੇਂ,
ਖ਼ਾਕ ਰਾਹਾਂ ਦੀ ਪਈ ਉਡਾਵੇਂ!
ਫਿਰਦੀ ਰਹਿਨੀਏਂ ਨਿੱਤ ਅਵਾਰਾ,
ਤੈਥੋਂ ਤੰਗ ਬਾਗ ਹੈ ਸਾਰਾ!
ਨਹੀਂ ਰਹਿਣੀ ਏਹ ਸਦਾ ਜਵਾਨੀ,
ਕਾਹਨੂੰ ਹੋਈਓਂ ਮਸਤ ਦੀਵਾਨੀ!
ਅਸੀ ਇਥੇ ਹੀ ਵਖਤਾਂ ਮਾਰੇ,
ਚਹੁੰ ਦਿਨਾਂ ਦੇ ਹਾਂ ਵਣਜਾਰੇ!
ਵਹਿਮ ਨਾਂ ਹੋਵੇ ਤੈਨੂੰ ਕੋਈ,
ਇੱਟ ਅਸਾਂ ਨਹੀਂ ਲਾਈ ਹੋਈ!
ਦਿਨਾਂ ਦਾ ਸਾਡਾ ਡੇਰਾ,
ਤੈਨੂੰ ਸ਼ਹਿਰ ਮੁਬਾਰਕ ਤੇਰਾ!
ਰੱਬ ਸਬਬ ਜਦੋਂ ਕਰ ਦੇਸੀ,
ਤੁਰ ਜਾਵਣਗੇ ਇਹ ਪ੍ਰਦੇਸੀ!
ਖ਼ਬਰੇ ਤੋੜ ਕਿਸੇ ਨੇ ਖੜਨਾ
ਖ਼ਬਰੇ ਟਾਹਣੀਓਂ ਥੱਲੇ ਝੜਨਾ!