ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/320

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯੮)

ਸ਼ੀਸ਼ਿਆਂ ਦੇ ਨਗਾਂ ਵਾਲੀ ਕੰਘੀ ਜੇੜ੍ਹੀ ਛੱਡ ਆਈਓਂ,
ਸੀਨੇ ਸਾਡੇ ਚੀਰਦੀ ਓਹ ਨਿੱਕੀ ਜਹੀ ਆਰੀ ਤੇਰੀ!
ਫੁੱਲ ਜੇਹਾ ਮੁੱਖ ਤੇਰਾ ਸਰੂ ਕੱਦ ਵਾਲੀਏ ਨੀ,
ਪੱਤੇ ਪੱਤੇ ਵਿੱਚ ਦੱਸੇ ਸਾਨੂੰ ਫੁਲਕਾਰੀ ਤੇਰੀ!
ਸਾਂਭੀ ਐਸੀ ਛੇਤੀ ਹੱਟ ਉਮਰ ਦੀ ਵਣਜਾਰੀ ਏ ਤੂੰ,
ਰਹਿ ਗਈ ਵੰਗਾਂ ਕਾਂਟਿਆਂ ਦੀ ਪਈ ਮੁਨਿਆਰੀ ਤੇਰੀ!
ਜੋੜੇ ਕਈ ਲਾਹੁੰਦੀ ਤੇ ਪਾਉਂਦੀ ਸੈਂ ਦਿਨ ਵਿੱਚ,
ਇੱਕੋ ਹੀ*ਪੁਸ਼ਾਕ ਹੁਣ ਕਿਕੂੰ ਬਣੀ ਪਿਆਰੀ ਤੇਰੀ!
ਤੇਰਾ ਤਾਂ ਵਿਆਹ ਭਲਾ ਰਹਿ ਗਿਆ ਸੀ ਇੱਕ ਪਾਸੇ,
ਗਹਿਣਿਆਂ ਦੇ ਨਾਲ ਰਹਿ ਗਈ ਗੁੱਡੀ ਵੀ ਸ਼ਿੰਗਾਰੀ ਤੇਰੀ!
ਪੱਕਿਆਂ ਚੁਬਾਰਿਆਂ ਦੇ ਵਿੱਚ ਰਹਿਣ ਵਾਲੀਏ ਨੀ,
ਵਾ ਨਾਲ ਢੱਠਦੀਏ ਗਜ਼ ਦੀ +ਅਟਾਰੀ ਤੇਰੀ!
ਸੋਹਣੀ ਧੌਣ ਵਾਲੀਏ! ਕਬੂਤਰੀ ਦੇ ਵਾਂਗ ਸਾਨੂੰ,
ਅੱਚਨਚੇਤ ਕੁੱਠ ਗਈ ਤਿੱਖੜੀ ਉਡਾਰੀ ਤੇਰੀ!
ਮਣਾਂ ਮੂੰਹੀਂ ਮਿੱਟੀਆਂ ਦਾ ਭਾਰ ਕੀਕਰ ਝੱਲਦੀਏ,
ਫੁੱਲ ਨਾ ਸਹਾਰਦੀ ਸੀ ਦੇਹ ਜੋ ਪਿਆਰੀ ਤੇਰੀ।
ਕਾਲੀ ਕਾਲੀ ਰਾਤ ਸੁੰਞੀ, ਚੰਦ ਮੁਖ ਵਾਲੀਏ ਨੀ,
ਘੂਰਨ ਵਾਲੇ ਤਾਰਿਆਂ 'ਚ ਕੀਕੂੰ ਬੀਤੇ ਸਾਰੀ ਤੇਰੀ?
ਮੋਏ ਹੋਏ ਸੱਪ ਤੇਰੇ ਦਿੱਸਦੇ #ਸਪਾਧਣੇ ਨੀਂ,
ਖੁੱਲ੍ਹੀ ਹੋਈ ਗੁੱਤ ਵੀ ਨਹੀਂ ਕਿਸੇ ਨੇ ਸਵਾਰੀ ਤੇਰੀ!

  • ਕਫ਼ਨ +ਕਬਰ #ਸਪੇਰਨ।