ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੯)

ਸੁਹਾਗ ਭਾਗ

  • 'ਮੱਛੀ ਵੇਚੀ ਹੋਈ ਸੀ' ਕਿਤੇ ਡੱਡੀਆਂ ਨੇ,

ਕਿਧਰੇ ਅੰਬਰਾਂ ਤੇ ਬੱਦਲ ਗੱਜਦਾ ਸੀ !
ਕਿਧਰੇ ਬਿਜਲੀ ਪਈ ਨੈਣ ਵਿਖਾਂਵਦੀ ਸੀ,
ਕਿਧਰੇ ਪਿਆ ਸੂਰਜ ਮੂੰਹ ਕੱਜਦਾ ਸੀ !
ਘਟਾਂ ਕਾਲੀਆਂ ਕਾਲੀਆਂ ਵਿੱਚ ਬਗਲਾ,
ਬੱਗਾ ਜੇਹਾ ਕੋਈ ਉੱਡਦਾ ਸੱਜਦਾ ਸੀ !
ਪੀਆ ! ਪੀਆ ! ਪਪੀਹੇ ਦਾ ਕੂਕਣਾ ਉਹ,
ਆਕੇ ਤੀਰ ਉੱਤੇ ਤੀਰ ਵੱਜਦਾ ਸੀ !

ਕਹਿਣਾ ਕਿਸੇ ਨੇ ਪਕੜਕੇ ਬਾਂਹ ਮੇਰੀ:-
'ਮਿਨਤਾਂ ਸਾਡੀਆਂ ਵੱਲ ਧਿਆਨ ਦੇਣਾ !
ਆ ਗਈ ਰੁੱਤ ਸੁਹਾਵਣੀ ਬੜੀ ਲੱਗੀ,
ਅੱਜ ਮੈਂ ਘਰੋਂ ਸੁਹਾਗ ਨਹੀਂ ਜਾਣ ਦੇਣਾ !'

+'ਬੱਦਲ ਟਿੱਲਿਓਂ' ਸ਼ੂਕਦਾ ਆਣ ਪਹੁੰਚਾ,
ਬੁੱਲੇ ਸੁਰਗ ਦੇ ਆਣਕੇ ਝੁੱਲ ਗਏ ਨੇ !
ਜੇਹੜੇ ਦਿਲ ਸਨ ਗ਼ਮਾਂ ਝਲੂਹ ਦਿੱਤੇ,
ਉਹ ਵੀ ਕਲੀਆਂ ਦੇ ਵਾਂਗ ਅਜ ਫੁੱਲ ਗਏ ਨੇ !


  • ਰੌਲਾ ਪਾਵਣ ਦਾ ਮੁਹਾਵਰਾ ।

+ਟਿਲੇ ਵਾਲੇ ਪਾਸੇ ਦਾ ਬੱਦਲ ਪ੍ਰਸਿੱਧ ਏ ।