ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੮)

ਬਾਜ਼ੀਗਰ ਵਾਂਗੂ, ਚੜ੍ਹਕੇ ਵਾਂਸ ਉੱਤੇ,
ਐਡਾ ਮੂਰਖਾ ਨਾਚ ਨੂੰ ਨੱਚਿਆ ਏ !
ਓਹਦੀ ਜੋਤ ਨੂੰ ਚਿੱਤ ਚੋਂ ਲੱਭਣਾ ਸਈ,
ਜੀਹਦਾ ਥਾਂ ਥਾਂ ਤੇ ਰੌਲਾ ਮੱਚਿਆ ਏ !
ਅੰਦਰ ਦੁਧ ਦੇ ਹੁੰਦਾ ਏ ਤੇਜ ਜਿਵੇਂ,
ਏਕਣ ਹਰੀ ਓ ਹਰ ਵਿੱਚ ਰੱਚਿਆ ਏ !

ਜਿਵੇਂ ਵਗਦੀਏ ਰਾਤ ਦਿਨ ਜੱਗ ਅੰਦਰ,
ਪਰ ਨਹੀਂ ਦਿੱਸਦੀ ਕਦੀ ਹਵਾ ਸਾਨੂੰ !
ਏਸੇ ਤਰ੍ਹਾਂ ਓਹ ਥਾਂ ਥਾਂ ਵੱਸਦਾ ਭੀ,
ਆਵੇ ਨਜ਼ਰ ਨਾਂ ਪਾਕ ਖ਼ੁਦਾ ਸਾਨੂੰ !

ਤਾਣੇ ਬਾਣੇ ਜਹਾਨ ਦੇ ਤਣ ਤਣ ਕੇ,
ਉੱਧੜ ਗਿਆ ਸਭ ਉਮਰ ਦਾ ਸੂਤ ਤੇਰਾ !
ਭਰ ਗਈ ਸੀਸ ਵਿੱਚ ਵਾ ਤਕੱਬਰੀ ਦੀ,
ਫੁੱਲਿਆ ਬੁਲਬੁਲੇ ਵਾਂਗ ਕਲਬੂਤ ਤੇਰਾ !
ਓਸ ਇੱਕ ਨੇ, ਤੈਂਨੂੰ ਕੀ ਲੱਭਣਾ ਏਂ,
ਪਰਦਾ ਦੂਈ ਦਾ ਦਿੱਸੇ ਸਬੂਤ ਤੇਰਾ !
ਕੱਚੇ ਜੱਗ ਦੇ ਕੱਚ ਲਈ ਕੱਚਿਆ ਓਏ,
ਹੀਰਾ ਜਨਮ ਏ ਗਿਆ ਅਕੂਤ ਤੇਰਾ !

ਕਿਸੇ ਕੋਠੜੀ ਦੀ ਵੜਕੇ ਨੁੱਕਰੇ ਜੋ,
ਓਹਦੀ ਯਾਦ ਦੇ ਵਿੱਚ ਖਲੋ ਜਾਂਦੋਂ !
'ਸ਼ਰਫ਼' ਸਿੱਪ ਵਾਲੇ ਤੁਪਕੇ ਵਾਂਗ ਤੂੰ ਭੀ;
ਕਿਉਂ ਨਾਂ ਸਾਫ਼ ਸੁੱਚਾ ਮੋਤੀ ਹੋ ਜਾਂਦੋਂ !'