ਸਮੱਗਰੀ 'ਤੇ ਜਾਓ

ਪੰਨਾ:ਸੁਨਹਿਰੀ ਕਲੀਆਂ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੮)

ਤਾਰੇ ਮੀਰੇ ਪਿਆਰੇ ਦੇ ਖੇਤ ਅੰਦਰ,
ਲੱਗੀ ਹੁਸਨ ਦੀ ਅੰਜ ਫੁਲਝੜੀ ਹੋਈ ਏ!
ਹਰੀ ਹਰੀ ਜ਼ਮੁੱਰਦੀ ਸ਼ਾਲ ਕੋਈ,
ਜਿਵੇਂ ਤਾਰਿਆਂ ਦੇ ਨਾਲ ਜੜੀ ਹੋਈ ਏ!
ਵਿਰਲੀ ਵਾਂਝੜੀ ਰਾਈ ਦੀ ਕਿਤੇ ਗੰਦਲ,
ਮੁੱਘੜ ਮਾਰਕੇ ਇਸਤਰਾਂ ਖੜੀ ਹੋਈ ਏ!
ਜਿਵੇਂ ਸੱਜਰੀ ਸੱਜਰੀ ਬੰਨਰੀ ਕੋਈ,
ਨਾਲ ਆਪਣੇ ਕੌਂਤ ਦੇ ਲੜੀ ਹੋਈ ਏ!

ਸੁੱਕ ਗਿਆ ਸੀ ਤੋਰੀਆ ਤਾਂਘ ਅੰਦਰ,
ਚਿੱਠੀ ਆ ਗਈ ਓਹਨੂੰ ਬੁਲਾਵਿਆਂ ਦੀ!
ਬਣਕੇ ਚੰਦ ਬਕਰੀਦ ਦਾ ਜ਼ਿਬ੍ਹਾ ਕਰ ਗਈ,
ਫਿਰ ਗਈ ਗਲੇ ਤੇ ਦਾਤਰੀ*ਲਾਵਿਆਂ ਦੀ!'

ਬੁਲਬੁਲ ਰੋ ਕੇ ਮੱਖੀ ਨੂੰ ਆਖਿਆ ਏਹ:-
'ਗੁਸੇ ਨਾਲ ਮੈਂਨੂੰ ਤਾੜਨ ਵਾਲੀਏ ਨੀ!
ਬਾਗ਼ਾਂ ਬੂਟਿਆਂ ਦੀ ਮਾਇਆ ਲੁੱਟ ਸਾਰੀ,
ਕੱਲੇ ਢਿੱਡ ਅੰਦਰ ਵਾੜਨ ਵਾਲੀਏ ਨੀ!
ਚੂਪ ਚੱਟਕੇ ਫੁੱਲਾਂ ਦਾ ਰੂਪ ਸੁੰਦਰ,
ਸੀਨਾ ਬੁਲਬੁਲਾਂ ਦਾ ਪਾੜਨ ਵਾਲੀਏ ਨੀ !
ਨਿੱਕੇ ਨਿੱਕੇ ਪਤੰਗਿਆਂ ਸ਼ੂਹਦਿਆਂ ਨੂੰ,
ਮੋਮ ਬੱਤੀਆਂ ਤੇ ਸਾੜਨ ਵਾਲੀਏ ਨੀ!

*ਵਾਢੀ ਕਰਨ ਵਾਲੀ