ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੭੦ )
ਪ੍ਯਾਰੇ ਦੀ ਲਾਜ
ਬੇੜੀ ਉੱਤੇ ਲੱਗਾ ਹੋਇਆ,
ਲੋਹਿਆ ਪਾਣੀ ਅੱਗੇ ਰੋਇਆ:-
'ਸੁਣ ਓ ਬੇਲੀ! ਸੁਣ ਓ ਯਾਰਾ,
ਇਹ ਕੀ ਫੜਿਆ ਤੂੰ ਵਰਤਾਰਾ?
ਲੱਕੜ ਨੂੰ ਤੂੰ ਚੁੱਕ ਕੰਧਾੜੇ,
ਫਿਰਦਾ ਰਹਿਨੈਂ ਰਾਤ ਦਿਹਾੜੇ!
ਕਿਹੜੇ ਕਿਹੜੇ ਦੇਸ ਫਿਰਾਵੇਂ?
ਚਾਈਂ ਚਾਈਂ ਸੈਲ ਕਰਾਵੇਂ!
ਲੱਖ ਮਣਾਂ ਵੀ ਹੋਵੇ ਭਾਵੇਂ,
ਭਾਰ ਨਾ ਜਾਣੇਂ ਤੀਲ੍ਹੇ ਸਾਵੇਂ!
ਅੱਗ ਜੇ ਓਹਨੂੰ ਲੱਗੀ ਹੋਵੇ,
ਲਹਿਰ ਕਲੇਜੇ ਉੱਠ ਖਲੋਵੇ!
ਵਾਹੋ ਦਾਹੀ ਨੱਸਾ ਜਾਵੇਂ,
ਜਾਕੇ ਓਹਨੂੰ ਝੱਟ ਬੁਝਾਵੇਂ!
ਪਾਟੇ ਜੇ ਓਹ ਨਾਲ ਦਰੇੜਾਂ,
ਮੇਲੇਂ ਓਹਦੇ ਫੱਟ ਤਰੇੜਾਂ!
ਹੌਲੇ, ਦਿਲ ਦੀ ਸਾਖ ਸਹੇੜੀ,
ਭਾਰ ਭਰਮ ਨਾ ਰੱਖੇ ਜੇਹੜੀ!