ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਹੜੇ ਕੰਮ ਆਈਆਂ ਸਾਡੇ ਦੋਸਤੋ ਫ਼ਕੀਰੀਆਂ ।
ਪਹਿਲੀ ਹੀ ਕਤਾਰ ਮੱਲ ਬਹਿੰਦੀਆਂ ਵਜ਼ੀਰੀਆਂ ।

ਵੇਖ ਲਓ ਘੁੰਮਾਈ ਜਾਵੇ, ਅਕਲਾਂ ਦੇ ਗੇੜ ਨੂੰ,
ਕਈ ਵਾਰੀ ਜਾਪਦਾ ਹੈ, ਬਣ ਗਏ ਭੰਬੀਰੀਆਂ ।

ਧਰਮਾਂ ਦੀ ਮੰਡੀ ਵੀ, ਨੀਲਾਮ-ਘਰ ਹੋ ਗਈ,
ਵੇਚਦਾ ਬਾਜ਼ਾਰ ਹੁਣ, ਗਧਿਆਂ ਨੂੰ ਪੀਰੀਆਂ ।

ਜਿੱਥੇ ਕਿਤੇ ਬਾਗ਼ ਵਿੱਚ, ਲਾਲ ਸੂਹੇ ਫੁੱਲ ਨੇ,
ਆ ਗਿਆ ਆਦੇਸ਼ ਬੀਜੋ ਕੇਸਰੀ ਪਨੀਰੀਆਂ ।

ਸਾਡੀਆਂ ਵੀ ਰੀਝਾਂ ਨੂੰ ਹੈ ਜਿੰਨ੍ਹਾਂ ਨੇ ਮਧੋਲਿਆ,
ਓਹੀ ਹੁਣ ਕਹਿਣ, ਛੱਡੋ, ਦਿਲ ਦਿਲਗੀਰੀਆਂ ।

ਅੰਬਰਾਂ ਤੇ ਗੁੱਡੀਆਂ, ਚੜ੍ਹਾਉਣ ਵਾਲੀ ਰੀਝ ਨੇ,
ਸੂਤੀ ਹੋਈ ਡੋਰ ਨਾਲ, ਉਂਗਲਾਂ ਨੇ ਚੀਰੀਆਂ ।

ਰੱਖ ਨਾ ਉਮੀਦ ਐਵੇਂ, ਭੋਲ਼ੇ ਦਿਲਾ ਪਾਤਸ਼ਾਹ,
ਨੀਤ ਬਦਕਾਰ ਉਹਦੀ, ਨੀਤੀਆਂ ਵੀ ਟੀਰੀਆਂ ।

11