ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇਖਣ ਵਾਲੀ ਅੱਖ ਨਹੀਂ ਲੱਭਦੀ, ਕਦਮ ਕਦਮ ਤੇ ਰੁਲ਼ਦੇ ਹੀਰੇ।
ਸਾਡੇ ਮੱਥੇ ਇਹ ਕੀ ਵਾਹੇ ਘੀਚ ਮਚੋਲੇ ਤੂੰ ਤਕਦੀਰੇ।

ਚਿੱਟੇ ਦਿਨ ਤੇ ਸਿਖ਼ਰ ਦੁਪਹਿਰੇ, ਇਸ ਧਰਤੀ ਦੀ ਅਜ਼ਮਤ ਰੋਲ਼ੀ,
ਬਾਹੂਬਲੀ ਸਿਆਸੀਆਂ ਮਿਲ ਕੇ, ਲੁੱਟੀਆਂ ਡੋਲੀਆਂ ਲਾਹੇ ਕਲੀਰੇ।

ਜਿਸ ਦੇ ਹੱਥ ਵਿੱਚ ਜੋ ਵੀ ਆਇਆ, ਉਸ ਨੇ ਪਾਇਆ ਆਪਣੇ ਅੰਦਰ,
ਚੋਰ ਤੇ ਚੌਂਕੀਦਾਰ ਬਣੇ ਨੇ, ਘਿਉ ਖਿਚੜੀ ਨੇ ਵੀਰੇ ਵੀਰੇ।

ਵੇਖ ਲਵੋ ਕੀ ਕਲਜੁਗ ਆਇਆ, ਸੱਚ ਸੁਣਾਇਆਂ ਸੁਣਦੇ ਨਹੀਓਂ,
ਰਾਜੇ ਸੀਂਹ ਤੇ ਨਾਲ ਮੁਕੱਦਮ, ਝਾਕਣ ਸਾਨੂੰ ਟੀਰੇ ਹੀਰੇ।

ਹਰ ਚਾਚਾ ਹੀ ਕੈਦੋ ਬਣਿਆ, ਫੋਕੀ ਸ਼ਾਨ ਸਿਖ਼ਰ ਤੇ ਪਹੁੰਚੀ,
ਕੁੱਟੀ ਜਾਵੇਂ ਰਾਂਝਣ ਖ਼ਾਤਰ, ਫਿਰ ਵੀ ਚੂਰੀ ਤੂੰ ਕਿਉਂ ਹੀਰੇ।

ਜਾਗ ਜਾਗ ਧਰਤੀ ਦੇ ਪੁੱਤਰਾ, ਭੈਣਾਂ ਨੂੰ ਵੀ ਨਾਲ ਰਲਾ ਲੈ,
ਸ਼ਰਮ ਧਰਮ ਨਾ ਛੁਪ ਖਲੋਏ, ਦੇਣ ਸੰਥਿਆ ਨਾ ਬੇਪੀਰੇ।

ਜ਼ਿੰਦਗੀ ਤੇਰੀ ਮਾਂਗ ਸੰਧੂਰੀ, ਸਤਵੰਤੀ ਰਹੇ ਸਦਾ ਸੁਹਾਗਣ,
ਧੀਆਂ ਸਿਰ ਫੁਲਕਾਰੀ ਸੋਹੇ, ਪੁੱਤਰਾਂ ਦੇ ਸਿਰ ਸੂਹੇ ਚੀਰੇ।

121