ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/168

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਣ ਵਾਲਿਆ ਜਾਹ ਨਾ ਬੀਬਾ, ਇੱਕ ਵਾਰੀ ਫਿਰ ਮੇਰਾ ਹੋ ਜਾ।
ਦਿਲ ਡੁੱਬ ਚੱਲਿਐ ਵਿੱਚ ਹਨ੍ਹੇਰੇ, ਮੁੜ ਕੇ ਸੁਰਖ਼ ਸਵੇਰਾ ਹੋ ਜਾ।

ਜੋ ਕੁਝ ਹੋਇਆ ਬੀਤਿਆ ਛੱਡਦੇ ਲੀਕਾਂ ਪਿੱਟਣ ਦਾ ਕੀ ਫ਼ਾਇਦਾ,
ਮੈਂ ਵੀ ਮਨ ਨੂੰ ਇਹ ਸਮਝਾਇਐ ਸਿਰ ਪੈਰੋਂ ਸਭ ਤੇਰਾ ਹੋ ਜਾ।

ਮਾਣਕ ਜਨਮ ਅਮੋਲਕ ਹੀਰਾ, ਰੁੱਸਿਆਂ ਰੁੱਸਿਆਂ ਬੀਤ ਨਾ ਜਾਵੇ,
ਦਿਲ ਦਰਵਾਜ਼ੇ ਖੋਲ੍ਹ ਪਿਆਰੇ, ਮੁੜ ਸੱਜਣਾਂ ਦਾ ਡੇਰਾ ਹੋ ਜਾ।

ਪਹਿਲਾਂ ਕਿਲ੍ਹੇ ਉਸਾਰ ਹਵਾਈ,ਫਿਰ ਉਹਦੀ ਰਖਵਾਲੀ ਕਰਦੈਂ,
ਮੇਰੀ ਮੰਨ ਲੈ, ਦੀਵੇ ਖ਼ਾਤਰ, ਕੱਚੇ ਘਰੀਂ ਬਨੇਰਾ ਹੋ ਜਾ।

ਅਗਨੀ ਦਾ ਵਣਜਾਰਾ ਬਣ ਕੇ, ਫਿਰੇਂ ਭਟਕਦਾ ਆਲਮਗੀਰਾ,
ਬਾਗ ਬਗੀਚੇ ਸਾੜਨ ਦੀ ਥਾਂ, ਧਰਤੀ ਪੁੱਤ ਫੁਲੇਰਾ ਹੋ ਜਾ।

ਦਹਿਸ਼ਤ ਖੌਫ਼ ਸਹਿਮ ਦੇ ਇੱਕੋ ਨੁਕਤੇ ਅੰਦਰ ਸਿਮਟ ਗਿਆ ਏਂ,
ਫ਼ੈਲ ਗੁਲਾਬੀ ਮਹਿਕ ਵਾਂਗਰਾਂ, ਬਿੰਦੂ ਦੀ ਥਾਂ ਘੇਰਾ ਹੋ ਜਾ।

ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ, ਜੇ ਵਿਸ਼ਵਾਸ ਪਕੇਰਾ ਹੋਵੇ,
ਸਰਬ ਸ਼ਕਤੀਆਂ ਤੇਰੇ ਅੰਦਰ, ਬੇਹਿੰਮਤੀ ਛੱਡ, ਜੇਰਾ ਹੋ ਜਾ।

168