ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/171

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇਸ ਪੰਜਾਬ ਦੇ ਬਰਖ਼ੁਰਦਾਰਾ ਆਪਣੀ ਸੁਰਤ ਸੰਭਾਲ ਦੂਲਿਆ।
ਤੇਰੇ ਚਾਰ ਚੁਫ਼ੇਰੇ ਤਣਿਆ, ਸ਼ਹਿਰੀ ਤੰਦੂਆ ਜਾਲ ਦੂਲਿਆ।

ਮਿਰਜ਼ੇ ਪਿੱਛੇ ਵਾਹਰ ਪਈ ਹੈ, ਵੰਨ ਸੁਵੰਨੇ ਦੁਸ਼ਮਣ ਲੱਖਾਂ,
ਸਿਰੋਂ ਮੜਾਸਾ ਲੱਥਿਆ ਤੱਕ ਲੈ, ਗਲ ਵਿੱਚ ਉਲਝੇ ਵਾਲ ਦੂਲਿਆ।

ਬੀਨ, ਬੰਸਰੀ, ਢੱਡ ਸਾਰੰਗੀ, ਤੂੰਬਾ ਵੰਝਲੀ ਵਾਜਾਂ ਮਾਰੇ,
ਆ ਜਾ ਵੇ ਮੇਰੇ ਲਾਡਾਂ ਜਾਇਆ, ਖ਼ੁਸ਼ਬੂ ਆਣ ਸੰਭਾਲ ਦੂਲਿਆ।

ਰੇਤਲਿਆਂ ਟਿਬਿਆਂ ਵਿਚ ਗੋਕੇ ਘਿਓ ਨੂੰ ਜ਼ਾਲਮ ਰੋੜ੍ਹੀ ਜਾਂਦੇ,
ਹਾਕਮ ਪੱਥਰ ਚਿੱਤ ਨੇ ਹੋ ਗਏ, ਹੋ ਗਿਆ ਮੰਦੜਾ ਹਾਲ ਦੂਲਿਆ।

ਘਰ ਦੀ ਕੰਜੀ ਖੋਹ ਕੇ ਸਾਥੋਂ, ਬਾਗ ਘੇਰਿਆ ਮੁਗਲਾਂ ਸਾਡਾ,
ਵੰਡ ਰਹੇ ਨੇ ਆਪਣਿਆਂ ਨੂੰ, ਜਿਉਂ ਚੋਰੀ ਦਾ ਮਾਲ ਦੂਲਿਆ।

ਸਤਿਲੁਜ ਸਣੇ ਬਿਆਸ ਤੇ ਰਾਵੀ ਵਿੱਸਰ ਗਏ ਨੇ ਤੈਨੂੰ ਕਿਉਂ ਵੇ,
ਤੂੰ ਜਿੰਨ੍ਹਾਂ ਤੋਂ ਤੁਰਨਾ ਸਿੱਖਿਆ, ਭੁੱਲਿਉਂ ਅਸਲੀ ਚਾਲ ਦੂਲਿਆ।

ਸ਼ੇਰ ਦੀਆਂ ਮਾਰਾਂ ਤੇ ਜਦ ਵੀ ਵੇਖਾਂ ਗਿੱਦੜ ਕਰਨ ਕਲੋਲਾਂ,
ਇੰਜ ਕਿਉਂ ਲੱਗਦੈ ਮੈਨੂੰ ਪੁੱਤਰਾ, ਕਰਦਾ ਕੋਈ ਹਲਾਲ ਦੂਲਿਆ।

171