ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਮਾਂ ਤੇ ਬਾਬਲ ਬਣ ਗਏ, ਬਾਤਾਂ ਗੁਜ਼ਰੇ ਕਾਲ ਦੀਆਂ ਹੁਣ।
ਕਾਂਬਾ ਬਣ ਕੇ ਚੀਰਦੀਆਂ ਨੇ, ਰਾਤਾਂ ਸਰਦ ਸਿਆਲ ਦੀਆਂ ਹੁਣ।

ਸਿਰ ਸੂਹੀ ਫੁਲਕਾਰੀ ਲੈ ਕੇ, ਜੀਕੂੰ ਸਹੁਰੀਂ ਆਵੇ ਵਹੁਟੀ,
ਫੱਗਣ ਚੇਤਰ ਫੁੱਲਾਂ ਵੰਡੀਆਂ, ਮੁੱਠੀਆਂ ਜਿਵੇਂ ਗੁਲਾਲ ਦੀਆਂ ਹੁਣ।

ਤੁਰ ਗਈ ਮਾਂ ਤੇ ਮੰਜਾ ਖ਼ਾਲੀ, ਸੁਣੇ ਬਿਸਤਰੇ ਡੁਸਕ ਰਿਹਾ ਏ,
ਸਾਡੀ ਭੋਲੀ ਰੂਹ ਤੇ ਨਜ਼ਰਾਂ, ਕਿਸ ਨੂੰ ਰਹਿੰਦੀਆਂ ਭਾਲਦੀਆਂ ਹੁਣ।

ਉੱਖੜੇ ਸਾਜ਼ ਦੇ ਵਾਂਗੂੰ ਸਾਡੇ, ਮਨ ਦੀ ਹਾਲਤ ਬੇਤਰਤੀਬੀ,
ਤਰਬ ਤਾਨ ਦੀ ਸਮਝ ਗਵਾਚੀ, ਦੁਰਗਤੀਆਂ ਸੁਰਤਾਲ ਦੀਆਂ ਹੁਣ।

ਧਰਮੀ ਬਾਬਲ ਧਰਮ ਗੁਆ ਕੇ, ਬਣ ਚੱਲਿਆ ਭਰਮੀ ਬਾਬਲ,
ਗੱਲਾਂ ਵਿੱਚ ਗੁਆਚਾ ਰਹਿੰਦੈ, ਮਨ ਦੇ ਬਾਲ ਗੋਪਾਲ ਦੀਆਂ ਹੁਣ।

ਕੰਮੀਂ ਕਾ ਰੁੱਝੇ ਬੱਚੜੇ, ਅੱਲ੍ਹੀ ਪਹਿਨੀਂ ਵੀ ਨਾ ਮਿਲਦੇ,
ਸਾਰਾ ਦਿਨ ਤਾਂ 'ਕੱਲੀਆਂ ਯਾਦਾਂ, ਤਨ ਮਨ ਆਪ ਸੰਭਾਲਦੀਆਂ ਹੁਣ।

ਝੜ ਚੱਲੀਆਂ ਨੇ ਕਿਰਨ ਮ ਕਿਰਨੀ, ਟਾਹਣਾਂ ਸੁਰਖ਼ ਗੁਲਾਬ ਦੀਆਂ ਵੀ,
ਕੰਡੇ ਕੰਡੇ ਛੱਡ ਚੱਲੀਆਂ ਨੇ, ਝੜ ਕੇ ਪੱਤੀਆਂ ਨਾਲ ਦੀਆਂ ਹੁਣ।

24