ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੀਮ ਗੁਲਾਬੀ ਹੋਠਾਂ ਉੱਤੋਂ, ਚੁੱਪ ਦੇ ਜੰਦਰੇ ਖੋਲ੍ਹ ਦਿਆ ਕਰ।
ਦਿਲ ਦੀ ਧੜਕਣ ਜੋ ਕਹਿੰਦੀ ਏ, ਝਿਜਕ ਬਿਨਾ ਤੂੰ ਬੋਲ ਦਿਆ ਕਰ।

ਪਲਕੀਂ ਡੱਕੇ ਹੰਝੂ ਵੇਖੀਂ, ਪੱਥਰ ਨਾ ਹੋ ਜਾਵਣ ਕਿਧਰੇ,
ਬਰਸਣ ਗ਼ਮ ਦੇ ਬੱਦਲ ਜਦ ਵੀ, ਅੱਖੀਆਂ ਥਾਈਂ ਡੋਲ੍ਹ ਦਿਆ ਕਰ।

ਮਨ ਦੇ ਵਿਹੜੇ ਰਾਤ ਬਰਾਤੇ, ਜੇ ਆਵਾਂ ਤੇ ਦਰ ਖੜਕਾਵਾਂ
ਭੁੱਲੇ ਭਟਕੇ ਰਾਹੀ ਨੂੰ ਤੂੰ, ਦਿਲ ਦੇ ਬੂਹੇ ਟੋਲ਼ ਦਿਆ ਕਰ।

ਸ਼ਹਿਦ ਰਲ਼ੇ ਗੁਲਕੰਦ ਵਰਗੀਆਂ, ਜਿੰਦੇ ਬਾਤਾਂ ਪਾਇਆ ਕਰ ਤੂੰ,
ਅੰਦਰੇ ਅੰਦਰ ਰੂਹ ਨੂੰ ਗੰਢਾਂ, ਏਸ ਤਰ੍ਹਾਂ ਨਾ ਗੋਲ ਦਿਆ ਕਰ।

ਬਹੁਤ ਜ਼ਰੂਰੀ ਹੁੰਦੈ ਇਹ ਵੀ, ਦਿਲ ਨੂੰ ਆਪਣਾ ਦਰਦ ਸੁਨਾਉਣਾ,
ਸ਼ੀਸ਼ੇ ਸਨਮੁਖ ਸਾਵਧਾਨ ਹੋ, ਦਿਲ ਦੀ ਗਠੜੀ ਫ਼ੋਲ ਦਿਆ ਕਰ।

ਦਿਲ ਦੀ ਤੱਕੜੀ ਤੁਲਦੇ ਨਹੀਂਓ, ਜ਼ੇਵਰ ਮਹਿੰਗੇ ਮਾਣਕ ਮੋਤੀ,
ਮੇਰਾ ਨਾਮ ਪੁਕਾਰ ਕੇ ਮੇਰੇ, ਸਾਹੀਂ ਸੰਦਲ ਘੋਲ ਦਿਆ ਕਰ।

ਤੇਰੇ ਨੈਣਾਂ ਦੇ ਵਿੱਚ ਕਿੰਨੇ, ਚੰਨ ਸਿਤਾਰੇ ਡੁੱਬ ਕੇ ਮੋਏ,
ਚਾਨਣ ਦੇ ਵਣਜਾਰੇ ਨਾ ਤੂੰ, ਵਿੱਚ ਹਨੇਰੇ ਰੋਲ਼ ਦਿਆ ਕਰ।

25