ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਾਰਨ-ਖੰਡਾ ਸਾਨ੍ਹ ਹਮੇਸ਼ਾਂ ਸੁਰਖ਼ ਵਸਤਰੋਂ ਡਰਦਾ ਹੈ।
ਏਸੇ ਡਰ ਚੋਂ ਰੱਤੇ ਰੰਗ ਤੇ ਮੁੜ ਮੁੜ ਹਮਲੇ ਕਰਦਾ ਹੈ।

ਹਥਿਆਰਾਂ ਦਾ ਵਣਜ ਕਰਦਿਆਂ ਭੁੱਲ ਬੈਠਾ ਹੈ ਮਾਨਵਤਾ,
ਵਤਨ ਸਬੂਤਾ ਨਿਗਲਣ ਖਾਤਰ ਇੱਕੋ ਬੁਰਕੀ ਕਰਦਾ ਹੈ।

ਸੱਤ ਸਮੁੰਦਰ ਪਾਰੋਂ ਵੀ ਉਹ ਕਰਦਾ ਫਿਰਦਾ ਆਦਮ ਬੋ,
ਵਿਸ਼ਵ ਅਮਨ ਦਾ ਚਿੱਟਾ ਪਰਚਮ, ਅੰਦਰੋਂ ਅੰਦਰੀ ਠਰਦਾ ਹੈ।

ਮਗਰਮੱਛ ਦਾ ਚਿੱਥਿਆ ਬੰਦਾ ਧਰਤੀ ਉੱਪਰ ਰੀਂਘ ਰਿਹਾ,
ਪਰਮਾਣੂੰ ਦਾ ਝੰਬਿਆ ਜੀਕੂੰ ਨਾ ਜੀਂਦਾ ਨਾ ਮਰਦਾ ਹੈ।

ਭਵਨ ਸਫ਼ੈਦ 'ਚ ਖ਼ੂਨੀ ਪੰਜਾ, ਮੰਜਾ ਡਾਹ ਕੇ ਬੈਠ ਗਿਆ,
ਗੋਲ ਗਲੋਬ ਭਬਕੀਆਂ ਕੋਲੋਂ, ਕੰਬਦਾ ਹਰ ਹਰ ਕਰਦਾ ਹੈ।

ਕਲਮ ਦਵਾਤ ਥਿੜਕਦੀ ਪੈਰੋਂ, ਲਿਖਦਾ ਕਾਲ਼ੇ ਲੇਖ ਜਦੋਂ,
ਕੋਰਾ ਵਰਕਾ ਕੰਬ ਜਾਂਦਾ ਫਿਰ, ਠੰਢੇ ਹਾਉਕੇ ਭਰਦਾ ਹੈ।

ਬੂਰ ਝੜੇ ਅੰਬਾਂ ਦਾ ਸਾਰਾ, ਮੁਰਝਾਉਂਦੇ ਫੁੱਲ ਟਾਹਣੀ ਤੇ,
ਇਹ ਬਦਬਖ਼ਤ, ਕੁਲਹਿਣਾ ਬਾਗ਼ੀਂ ਪੈਰ ਜਦੋਂ ਵੀ ਧਰਦਾ ਹੈ।

49