ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਉਹ ਬਿਰਖ਼ ਕਿਤੇ ਨਹੀਂ ਡਿੱਠਾ, ਜਿਸ ਦੀਆਂ ਹੋਣ ਨਾ ਛਾਵਾਂ ਹੂ।
ਮੋਹ ਮਮਤਾ ਦਾ ਉਸ ਘਰ ਮਰੂਆ, ਜਿਸ ਘਰ ਦਾਦੀਆਂ ਮਾਵਾਂ ਹੂ।

ਮਾਂ ਤੇ ਧੀ ਦੀ ਸਾਂਝੀ ਬੁੱਕਲ, ਦਿਲ ਤੇ ਧੜਕਣ ਇੱਕੋ ਹੀ,
ਮਨ ਅੰਦਰ ਦੀ ਪੀੜ ਨਿਵਾਰਨ ਕਰਦੀਆਂ ਦੂਰ ਬਲਾਵਾਂ ਹੂ।

ਧਰਤ ਹਨ੍ਹੇਰੀ, ਅੰਬਰ ਕਾਲਾ, ਪੌਣਾਂ ਪਾਗ਼ਲ ਹੋਈਆਂ ਨੇ,
ਸ਼ੁਕਰ ਖ਼ੁਦਾਇਆ, ਜੁਗਨੂੰ ਜਗਦਾ, ਚਾਨਣ ਦਾ ਸਿਰਨਾਵਾਂ ਹੂ।

ਮੈਂ ਸਤਰੰਗੀਆਂ ਪੀਂਘਾਂ ਝੂਟਾਂ, ਤੋੜਾਂ ਤਾਰੇ ਅੰਬਰ ਤੋਂ,
ਰੀਝਾਂ ਦੀ ਲੱਜ ਅਰਸ਼ਾਂ ਉੱਤੇ ਕਿਸ ਟਾਹਣੀ ਤੇ ਪਾਵਾਂ ਹੂ।

ਮੇਰੀ ਮੁੱਠੀ ਵਿੱਚੋਂ ਕਿਰ ਗਏ, ਪੰਜ ਦਰਿਆ ਦੇ ਮੋਤੀ ਵੀ,
ਰਾਹ ਕੰਡਿਆਲੀਆਂ ਤਾਰਾਂ ਘੇਰਨ ਜਿੱਧਰ ਨੂੰ ਵੀ ਜਾਵਾਂ ਹੂ।

ਕਠਪੁਤਲੀ ਦੇ ਵਾਂਗ ਤਮਾਸ਼ਾ, ਤੱਕਦੇ ਤੱਕਦੇ ਥੱਕ ਗਏ ਹਾਂ,
ਸਮਝ ਨਾ ਆਵੇ ਪਿੱਛੇ ਬੈਠਾ, ਖਿੱਚਦਾ ਕੌਣ ਤਣਾਵਾਂ ਹੂ।

ਟੋਡੀ ਬੱਚੇ ਇਨਕਲਾਬ ਨੂੰ ਅਫ਼ਰਾ ਤਫ਼ਰੀ ਆਖ ਰਹੇ,
ਮੁਕਤ ਕਰਾਉਣੀਆਂ ਇਨ੍ਹਾਂ ਤੋਂ ਹੀ, ਰੀਝਾਂ, ਧੁੱਪਾਂ ਛਾਵਾਂ ਹੂ।

54