ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੁਰ ਰਿਹਾ ਹੈ ਵਕਤ ਸਹਿਜੇ, ਸਿਰਫ਼ ਇੱਕੋ ਚਾਲ ਨਾਲ।
ਤੂੰ ਭਲਾ ਨੱਚੇ ਪਿਆ ਕਿਉਂ, ਗ਼ਰਜ਼ ਬੱਧੀ ਤਾਲ ਨਾਲ।

ਬੈਠ ਜਾਣਾ ਮੌਤ ਵਰਗਾ, ਸਬਕ ਤੇਰਾ ਯਾਦ ਹੈ ਮਾਂ,
ਤੁਰ ਰਿਹਾਂ ਹਾਂ ਮੈਂ ਨਿਰੰਤਰ ਦਰਦ ਵਿੰਨ੍ਹੇ ਹਾਲ ਨਾਲ।

ਤੂੰ ਮੇਰੀ ਉਂਗਲ ਨਾ ਛੱਡੀ, ਨੀ ਉਮੀਦੇ ਯਾਦ ਰੱਖ,
ਤਪਦੇ ਥਲ ਵਿੱਚ, ਸੂਰਜੇ ਸੰਗ ਮੈਂ ਤੁਰਾਂਗਾ ਨਾਲ ਨਾਲ।

ਸਮਝਿਆ ਕਰ ਤੂੰ ਪਰਿੰਦੇ, ਇਹ ਸ਼ਿਕਾਰੀ ਬਹੁਤ ਤੇਜ਼,
ਪਿੰਜਰੇ ਵਿੱਚ ਪਾਉਣ ਖਾਤਰ, ਚੋਗ ਪਾਉਂਦੇ ਚਾਲ ਨਾਲ।

ਤੀਰ ਤੇ ਤਲਵਾਰ ਮੈਨੂੰ ਮਾਰ, ਤੇਰਾ ਕਰਮ ਹੈ ਇਹ,
ਮੈਂ ਤੇਰਾ ਹਰ ਵਾਰ ਮੋੜੂੰ, ਸਿਦਕ ਵਾਲੀ ਢਾਲ ਨਾਲ।

ਕਾਹਲਿਆ ਨਾ ਕਾਹਲ ਕਰ ਤੂੰ, ਸਹਿਜ ਨੂੰ ਸਾਹੀਂ ਪਰੋ ਲੈ,
ਧਰਤ ਨੂੰ ਮਿਣਿਆ ਕਿਸੇ ਨਾ ਅੱਜ ਤੀਕਰ ਛਾਲ ਨਾਲ।

ਮਾਛੀਆਂ ਦੀ ਚਾਲ ਵੇਖੀ, ਮਗਰਮੱਛ ਨੇ ਬੇਲਗਾਮ,
ਨਿੱਕੀਆਂ ਮੱਛੀਆਂ ਨੂੰ ਘੇਰਨ, ਪੂੰਗ ਫੜਦੇ ਜਾਲ ਨਾਲ।

58