ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੋਕ ਕਵੀ ਉਸਤਾਦ ਦਾਮਨ ਦੇ ਨਾਂ

ਮਾਧੋ ਲਾਲ ਹੁਸੈਨ ਦੇ ਹੁਜਰੇ ਸ਼ਬਦ ਅਗਨ ਦੇ ਘੜਦਾ ਤੀਰ।
ਪੰਜ ਦਰਿਆ ਜਿਸ ਅੰਦਰ ਸ਼ੂਕਣ, ਦਾਮਨ ਸੀ ਉਸਤਾਦ ਫ਼ਕੀਰ।

ਜਿਸਮ ਚੀਰ ਕੇ ਵਤਨ ਬਣਾਏ, ਖੁੱਸ ਗਏ ਖੰਭ ਪਰਿੰਦਿਆਂ ਵਾਂਗੂੰ,
ਸਾਰੀ ਉਮਰ ਰਿਹਾ ਉਹ ਸੀਂਦਾ, ਪੱਲੇ ਪਾਟੀ ਰੂਹ ਦੀ ਲੀਰ।

ਬੰਦੇ ਵਿੱਚ ਵਿਸ਼ਵਾਸ ਜਗਾਉਂਦਾ ਕਹਿੰਦਾ ਹਿੰਮਤ ਕਰ ਲਉ ਯਾਰ,
ਝੰਗ ਸਿਆਲਾਂ ਵੱਲ ਨੂੰ ਚੱਲ ਪਉ, ਅਗਲੇ ਪਿੰਡ ਉਡੀਕੇ ਹੀਰ।

ਵਾਰਿਸ ਦਾ ਸੀ ਅਸਲੀ ਵਾਰਿਸ, ਲੋਕ ਪੀੜ ਦੇ ਹਮਦਮ ਵਰਗਾ,
ਜ਼ਿੰਦਗੀ ਦੀ ਟਕਸਾਲ 'ਚ ਢਲਿਆ, ਹੱਕ ਸੱਚ ਤੇ ਇਨਸਾਫ਼ ਦਾ ਪੀਰ।

ਨਾ ਸੀ ਵੈਦ, ਹਕੀਮ, ਔਲੀਆ, ਨਬਜ਼ ਫੜੇ ਬਿਨ ਦੱਸਦਾ ਸੀ,
ਤੁਰਤ ਪਛਾਣ ਕੇ ਕਹਿ ਦੇਂਦਾ ਸੀ, ਕੁਰਸੀ ਦੀ ਅੱਖ ਵਿੱਚ ਹੈ ਟੀਰ।

ਹੱਦਾਂ ਤੇ ਸਰਹੱਦਾਂ ਉਸ ਲਈ, ਅਰਥ ਹੀਣ ਸਨ, ਰੋਕਾਂ ਵੀ,
ਸਿਦਕ ਸਲਾਮਤ ਕਰਕੇ ਉਹਦੀ, ਹੂਕ ਤਾਂ ਜਾਂਦੀ ਅੰਬਰ ਚੀਰ।

ਕਹਿੰਦੇ ਨੇ ਇੱਕ ਵਾਰ ਮਿਲਦਿਆਂ, ਲਾਲੀ ਵੇਖ ਕੇ ਅੱਖੀਆਂ ਦੀ,
ਕੂਕ ਕਿਹਾ ਉਸ, ਸਾਨੂੰ ਪੱਟਿਆ, ਜਿਸਨੂੰ ਕਹਿਣ ਆਜ਼ਾਦੀ ਵੀਰ।

ਵਾਹ ਓ ਸ਼ਾਇਰਾ! ਪਹਿਰੇਦਾਰਾ ਮਾਂ ਬੋਲੀ ਤੇ ਗ਼ੈਰਤ ਦੇ,
ਪਿਆਸ ਮਿਟਾਵਣ ਮੇਰੀ, ਤੇਰੇ ਬੋਲ ਜੋ ਨਦੀਉਂ ਨਿੱਖੜੇ ਨੀਰ।

72