ਪੰਨਾ:ਸੁੰਦਰੀ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
126 / ਸੁੰਦਰੀ

ਆਈਆਂ ਰਵਾਯਤਾਂ ਤੇ ਉਪਰਲੇ ਗੀਤ ਵਾਲੀ, ਕਥਾ ਨਾਲ ਮਿਲਾਕੇ ਇਕ ਸ਼ੈ ਬਣੇ, ਜਿਸ ਨਾਲ ਜਿਸ ਸਮੇਂ ਸਿੱਖਾਂ ਨੇ ਕਿ ਦਿਲ ਹਿਲਾ ਦੇਣ ਵਾਲੀਆਂ ਕੁਰਬਾਨੀਆਂ ਕੀਤੀਆਂ ਹਨ ਓਹ ਸਮੇਂ ਅੱਖਾਂ ਅੱਗੇ ਆ ਜਾਣ, ਓਦੋਂ ਦੇ ਹਾਕਮਾਂ ਦੇ ਜ਼ੁਲਮ, ਪਰਜਾ ਦੀ ਦੁਖੀ ਦਸ਼ਾ ਸਿੱਖਾਂ ਦੇ ਕਾਰਨਾਮੇ ਤੇ ਸਿੱਖਾਂ ਦੀਆਂ ਆਪਾਵਾਰ ਕੁਰਬਾਨੀਆਂ ਦਿੱਸ ਪੈਣ ਤੇ ਓਦੋਂ ਦੇ ਸਿੱਖ ਕੈਰੈਕਟਰ ਤੇ ਖਾਲਸੇ ਦੇ ਪੰਥਕ ਜੀਵਨ ਦਾ ਫੋਟੋ ਸਾਹਮਣੇ ਖਿੱਚਿਆ ਜਾਵੇ ਤੇ ਇਸ ਦੇ ਅਸਰ ਨਾਲ ਸਿੱਖ ਮਰਦ ਇਸਤ੍ਰੀਆਂ ਵਿਚ ਕੌਮ ਦੇ ਜੀਵਨ ਦੀ ਮੱਧਮ ਪੈ ਗਈ ਰੌ ਮੁੜ ਰੁਮਕ ਉਠੇ। ਜਥੇਬੰਦੀ, ਜਿਸਦੀ ਨੀਂਹ ਸਿੰਘ ਸਭਾ ਦੇ ਮੇਲ ਵਿਚ ਰੱਖੀ ਗਈ ਸੀ ਸਿਰੇ ਚੜ੍ਹੇ। ਗੁਰਪੁਰਬ ਜੋ ਕੌਮ ਦੀ ਇਕ ਜਾਨ ਹਨ, ਕੌਮ ਵਿਚ ਮੁੜ ਆ ਜਾਣ, ਗੁਰ ਮਰਿਯਾਦਾ ਸਿੱਖਾਂ ਦਾ ਅਮਲ ਹੋ ਜਾਵੇ ਤੇ ਪੰਥਕ ਦਿਲਥਾਪ ਸੁਰਜੀਤ ਹੋ ਕੇ ਅਰੋਗ ਵੱਜਣ ਲੱਗ ਪਵੇ।

ਸੋ, ਸੁੰਦਰੀ ਉਸ ਸਮੇਂ ਲਿਖੀ ਗਈ ਜਦੋਂ ਕਿ ਪੰਥ ਆਪਣੀ ਅਵੇਸਲੀ ਨੀਂਦ ਤੋਂ ਜਗਾਇਆ ਜਾ ਰਿਹਾ ਸੀ, ਤੇ ਇਸ ਜਾਗ ਰਹੇ ਸ਼ੇਰ ਵਿਚ ਇਸ ਦੇ ਪੁਰਾਤਨ ਬਾਹੂ-ਬਲ ਪ੍ਰਾਕ੍ਰਮ, ਧਰਮ ਪਵਿਤੱਤ੍ਰਾ ਤੇ ਉਚੇ ਆਦਰਸ਼ ਨੂੰ ਸੁਰਜੀਤ ਕਰਨ ਦੀ ਲੋੜ ਸੀ ਤਾਂ ਕਿ ਖਾਲਸਾ, ਜੋ ਇਕ ਆਦਰਸ਼ ਇਨਸਾਨ ਸਤਿਗੁਰ ਨੇ ਬਣਾਇਆ ਸੀ, ਆਪਣੀ ਅੱਟਲਤਾ ਵਿਚ ਕਾਇਮ ਰਹੇ ਤੇ ਇਸਦੀ ਸੇਵਾ ਨਾਲ ਜਗਤ ਸੁਖੀ ਹੋਵੇ।

ਸੁੰਦਰੀ ਵਿਚ ਆਏ ਹਾਲਾਤ ਦੱਸ ਚੁਕੇ ਹਾਂ ਕਿ ਕਿਵੇਂ ਸੰਕਲਤ ਹੋਏ ਹਨ। ਸੁੰਦਰੀ ਅਜੇ ਛਪੀ ਨਹੀਂ ਸੀ ਕਿ ਭਾਈ ਸਾਹਿਬ ਤਖਤ ਸਿੰਘ ਜੀ ਨੇ (ਕਰਤਾ ਜੀ ਤੋਂ ਖਰੜਾ ਲਿਜਾ ਕੇ) ਸਰਦਾਰ ਚੰਦਾ ਸਿੰਘ ਜੀ ਵਕੀਲ ਫੀਰੋਜ਼ਪੁਰ ਨੂੰ ਸੁਣਾਈ, ਉਹਨਾਂ ਦੇ ਘਰ ਕੋਈ ਟਹਿਲਣ ਸੁਣ ਰਹੀ ਸੀ। ਤਬਕ ਕੇ ਬੋਲੀ, ਸਰਦਾਰ ਜੀ ਜੋ ਕਥਾ ਤੁਸੀਂ ਪੜ੍ਹ ਰਹੇ ਹੋ ਏਸ ਦਾ ਤਾਂ ਇਕ ਪੁਰਾਣਾ ਗੀਤ ਮੇਰੇ ਯਾਦ ਹੈ। ਉਹ ਗੀਤ ਸਰਦਾਰ ਜੀ ਦੇ ਕਹਿਣ ਤੇ ਉਸਨੇ ਸੁਣਾਇਆ, ਜੋ ਪਿੱਛੇ ਦਿੱਤਾ ਗੀਤ ਹੀ ਸੀ। ਹੋਰ ਹਾਲਾਤ, ਜੋ ਲਿਖਤੀ ਇਤਿਹਾਸਾਂ ਵਿਚੋਂ ਹਨ, ਉਹਨਾਂ ਦੇ ਥਹੁ ਪਤੇ ਜਿੰਨੇ ਕੁ ਹੋ ਸਕੇ ਕਰਤਾ ਜੀ ਨੇ ਇਸ ਵੇਰੀ ਲਾ ਦਿੱਤੇ ਹਨ।