ਸਮੱਗਰੀ 'ਤੇ ਜਾਓ

ਪੰਨਾ:ਸੁੰਦਰੀ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
14/ ਸੁੰਦਰੀ

ਪਹਿਲਾ- ਸੱਚ ਹੈ, ਭਈ ਏਨਾ ਚਿਰ ਕਿਉਂ ਰਈ ਕੀਤੀ ਗਈ? ਮਹੀਨੇ ਤੋਂ ਉਪਰ ਹੋ ਗਿਆ ਬਲਵੰਤ ਸਿੰਘ ਨੂੰ ਫੜਿਆਂ ਫੇਰ ਢਿੱਲ ਕਿਉਂ ਪਈ? ਤੱਤ ਫੱਟ ਕੰਮ ਸਿਰੇ ਕਾਸ ਲਈ ਨਾ ਚਾੜ੍ਹਿਆ?

ਦੂਜਾ- ਬਲਵੰਤ ਸਿੰਘ ਤੇ ਉਸਦੀ ਭੈਣ ਦੋਵੇਂ ਘਾਇਲ ਸਨ, ਅੱਜ ਤੱਕ ਬੀਮਾਰ ਰਹੇ ਹਨ, ਹੁਣ ਮਸਾਂ ਤਕੜੇ ਹੋਏ ਹਨ, ਜਿਸ ਕਰਕੇ ਢਿੱਲ ਪਈ।

ਇਹੋ ਜਿਹੀਆਂ ਗੱਲਾਂ ਕਰ ਕੇ ਉਹ ਤਾਂ ਸੌਂ ਗਏ ਤੇ ਸਿੰਘ ਬਹਾਦਰ ਚੁਪ ਚੁਪਾਤਾ ਹੀ ਉਠਕੇ ਘੋੜੇ ਤੇ ਕਾਠੀ ਰੱਖ ਮੱਖਣ ਵਿਚੋਂ ਵਾਲ ਵਾਂਗ ਨਿਕਲ ਗਿਆ। ਹਨੇਰੀ ਕਾਲੀ ਰਾਤ ਹੈ, ਰਸਤਾ ਲੱਝਦਾ ਨਹੀਂ, ਬੱਦਲ ਛਾ ਰਹੇ ਹਨ, ਕਦਮ ਕਦਮ ਤੇ ਨੁਕਰ ਲੱਗਦੀ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਬੀਰ ਹੌਸਲਾ ਨਹੀਂ ਹਾਰਦੇ। ਕੋਈ ਪਹੁ ਫੁਟਣ ਤੋਂ ਅਗੇਰੇ ਸਿੰਘ ਹੁਰੀਂ ਜੰਗਲ ਵਿਚ ਜਾ ਵੜੇ, ਅਰ ਸੂਰਜੋਂ ਅੱਗੇ ਡੇਰੇ ਜਾ ਪਹੁੰਚੇ।

ਇਸ ਵੇਲੇ ਸਾਰੇ ਸਿੰਘ ਇਸ਼ਨਾਨ ਪਾਣੀ ਕਰ ਕੇ ਬੈਠੇ ਆਸਾ ਦੀ ਵਾਰ ਦਾ ਪਾਠ ਕਰ ਰਹੇ ਸਨ। ਸਿੰਘ ਹੁਰੀਂ ਭੀ ਵਿਚ ਜਾ ਬੈਠੇ ਤੇ ਪਾਠ ਸੁਣਦੇ ਰਹੇ।

ਜਦ ਭੋਗ ਪਿਆ ਤਾਂ ਹਰੀ ਸਿੰਘ ਨੇ ਸਾਰੀ ਵਿਥਿਆ ਜੋ ਸਰਾਂ ਵਿਚ ਸੁਣੀ ਸੀ, ਕਹਿ ਸੁਣਾਈ : ਭਾਈ ਬਲਵੰਤ ਸਿੰਘ ਤੇ ਉਸਦੀ ਭੈਣ ਦੁਆਬੇ ਵਿਚ ਕੈਦ ਹਨ ਅਰ ਸ਼ੁਕਰਵਾਰ ਨੂੰ ਧੱਕੋ-ਧੱਕੀ ਤੁਰਕ ਬਣਾਏ ਜਾਣਗੇ। ਅੱਜ ਮੰਗਲਵਾਰ ਹੈ, ਜੇਕਰ ਖਾਲਸਾ ਹਿੰਮਤ ਕਰੇ, ਤਦ ਅਜੇ ਵੇਲਾ ਹੈ। ਇਹ ਖ਼ਬਰ ਖਾਲਸੇ ਨੂੰ ਅੱਗ ਵਾਂਗ ਲੱਗੀ। ਗੁੱਸੇ ਨਾਲ ਚਿਹਰੇ ਲਾਲ ਹੋ ਗਏ। ਸੀਨਿਆਂ ਵਿਚ ਦਿਲ ਤੇ ਦਿਲ ਵਿਚ ਕ੍ਰੋਧ ਨੇ ਜੋਸ਼ ਮਾਰਿਆ। ਧਰਮ ਬੀਰਤਾ ਨੇ ਉਮੰਗਾਂ ਨੂੰ ਜੋਸ਼ ਵਿਚ ਲਿਆਂਦਾ ਅਤੇ ਸਭ ਪਾਸਿਉਂ 'ਗੁਰੂ ਗੁਰੂ' ਦਾ ਸ਼ਬਦ ਗੂੰਜ ਉਠਿਆ।

ਸਰਦਾਰ ਸ਼ਾਮ ਸਿੰਘ ਨੂੰ ਆਪਣੇ ਜਥੇ ਦਾ ਇਕ ਸਿੰਘ ਜਾਨ ਤੋਂ ਵਧੀਕ ਪਿਆਰਾ ਸੀ, ਪਰ ਬਲਵੰਤ ਸਿੰਘ ਤਾਂ ਇਕ ਚੋਣਵਾਂ ਬਹਾਦਰ ਤੇ ਜੋਧਾ ਸੀ ਅਰ ਫੇਰ ਇਕ ਸਿੱਖ ਕੰਨਯਾਂ ਦਾ ਤੁਰਕ ਪੰਜੇ ਵਿਚ ਫਸਣਾ ਸੁਣ ਕੇ ਕਦ ਸਹਾਰਿਆ ਜਾ ਸਕਦਾ ਸੀ? ਤੁਰਤ ਸਾਰੇ ਜਥੇ ਨੂੰ ਕੱਠਿਆਂ ਕਰ ਕੇ ਹੁਕਮ

Page 20

www.sikhbookclub.com