ਪੰਨਾ:ਸੁੰਦਰੀ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
46/ ਸੁੰਦਰੀ

ਛਾਈ ਹੋਈ। ਇਹ ਦਸ਼ਾ ਵੇਖ ਕੇ ਮਾਤਾ ਸਾਹਿਬ ਦੇਵਾਂ ਦੀ ਬੀਰ ਪੁੱਤਰੀ ਨੇ ਰਤਾ ਜੀ ਨਾ ਮਕਾਇਆ, ਆਪਣੇ ਭੋਛਣ ਨਾਲੋਂ ਲੀਰਾਂ ਪਾੜ ਕੇ ਉਸ ਦੇ ਪਿੰਡੇ ਥੋਂ ਲਹੂ ਪੂੰਝਿਆ ਅਰ ਧਰਮ ਕੌਰ ਨੂੰ ਕਿਹਾ ਕਿ ਕਿਧਰੋਂ ਪਾਣੀ ਛੇਤੀ ਲਿਆ ਤੇ ਆਪੂੰ ਹਿੰਮਤ ਨਾਲ ਉਸ ਦੇ ਘਾਉ ਨੂੰ ਉਸ ਦੀ ਪੱਗ ਨਾਲ ਚੰਗੀ ਤਰ੍ਹਾਂ ਬੰਨ੍ਹਿਆਂ। ਇੰਨੇ ਨੂੰ ਧਰਮ ਕੌਰ ਆਪਣੇ ਭੋਛਨ ਨੂੰ ਪਾਣੀ ਵਿਚ ਤ੍ਰਿਬੁਡ ਕਰਕੇ ਲੈ ਆਈ। ਸੁੰਦਰੀ ਨੇ ਉਹ ਪਾਣੀ ਉਸ ਦੇ ਮੂੰਹ ਵਿਚ ਚੋਇਆ ਤੇ ਉਸਦੇ ਹੱਥਾਂ ਪੈਰਾਂ ਨੂੰ ਪੂੰਝਿਆ। ਹੁਣ ਉਸ ਪੁਰਖ ਨੂੰ ਡੋਬ ਵਿਚੋਂ ਰਤਾ ਬੋਲਣ ਦੀ ਹੋਸ਼ ਆਈ। ਪਹਿਲੇ ਤਾਂ ਬੇਸੁਧੀ ਜੇਹੀ ਵਿਚ ਕੇਵਲ ‘ਹਾਇ’ ਮੂੰਹੋਂ ਨਿਕਲੀ, ਪਰ ਫੇਰ ਅੱਖ ਬੀ ਖੋਲ੍ਹੀਓਸੁ।

ਜ਼ਖ਼ਮੀ ਆਪਣੇ ਆਪ ਦੀ ਸੇਵਾ ਹੁੰਦੀ ਵੇਖਕੇ ਅਸਚਰਜ ਸੀ ਕਿ ਐਸੇ ਔਕੜ ਦੇ ਵੇਲੇ ਕੌਣ ਆ ਪੁੱਕਰਿਆ। ਕੁਛ ਬੋਲਣਾ ਚਾਹਿਆ ਪਰ ਬੋਲਣ ਦੀ ਆਸੰਙ ਨਾ ਪਾਕੇ ਚੁਪ ਹੀ ਰਹਿ ਗਿਆ। ਹੁਣ ਸੁੰਦਰੀ ਇਹ ਵਿਚਾਰਿਆ ਕਿ ਜੇ ਇਹ ਪੁਰਖ ਇਥੇ ਪਿਆ ਰਿਹਾ ਤਦ ਮਰ ਜਾਏਗਾ, ਜੇ ਇਸ ਨੂੰ ਪਿੰਡ ਪੁਚਾਇਆ ਤਾਂ ਮਤੇ ਮੈਂ ਆਪ ਹੀ ਕਿਸੇ ਮੁਸ਼ਕਲ ਵਿਚ ਫਸ ਜਾਵਾਂ ਤੇ ਜੂਹ ਵਿਚ ਲੈ ਚੱਲਾਂ ਤਾਂ ਇਕ ਲਿਜਾਣਾ ਕਠਨ, ਦੂਜੇ ਇਹ ਤੁਰਕ ਹੈ, ਸਾਰੇ ਭਰਾ ਮੈਨੂੰ ਸ਼ੁਦਾਇਣ ਆਖਣਗੇ। ਫੇਰ ਕੁਝ ਧਰਮ ਕੌਰ ਨਾਲ ਸਲਾਹ ਕੀਤੀ, ਛੇਕੜ ਇਹੋ ਹੀ ਸੋਚ ਪੱਕੀ ਹੋਈ ਕਿ ਇਸਨੂੰ ਲੈ ਜਾਕੇ ਇਸ ਦੀ ਸੇਵਾ ਕਰੀਏ। ਗੁਰਸਿੱਖੀ ਇਹੀ ਹੈ।

ਵੱਡੇ ਔਖ ਤੇ ਕਸ਼ਟਾਂ ਨਾਲ ਉਹ ਬਿਖੜਾ ਰਸਤਾ ਉਹਨਾਂ ਬਹਾਦਰ ਤੀਵੀਆਂ ਨੇ ਉਸ ਭਾਰ ਨੂੰ ਚੁੱਕ ਕੇ ਪੂਰਾ ਕੀਤਾ ਅਰ ਜੰਗਲ ਦੀ ਅਧ ਕੁ ਵਾਟ ਪਹੁੰਚ ਕੇ ਥਕ ਗਈਆਂ। ਫਿਰ ਕਿੰਨਾ ਚਿਰ ਸਾਹ ਕੱਢਦੀਆਂ ਰਹੀਆਂ, ਛੇਕੜ ਦਿਨ ਢਲਣ ਦੇ ਵੇਲੇ ਟਿਕਾਣੇ ਤੇ ਪਹੁੰਚੀਆਂ ਤੇ ਪੁਰਾਣੇ ਥੋੜ੍ਹ ਦੇ ਹੇਠ ਸੁੱਕਾ ਘਾਹ ਵਿਛਾ ਕੇ ਚਾਦਰ ਪਾ ਕੇ ਉਸ ਨੂੰ ਲਿਟਾ ਦਿਤਾ ਅਰ ਖਾਣ ਦੀ ਚੀਜ਼ ਉਸ ਦੇ ਮੂੰਹ ਵਿਚ ਪਾਈ।

ਜਾਂ ਇਹ ਗੱਲ ਸੁੰਦਰੀ ਨੇ ਵੀਰ ਨਾਲ ਕੀਤੀ ਤੇ ਸ਼ਾਮ ਸਿੰਘ ਨੂੰ ਖਬਰ ਹੋਈ ਤਾਂ ਦੋਹਾਂ ਨੇ ਨੱਕ ਵੱਟਿਆ ਅਰ ਭੈਣ ਨੂੰ ਸਮਝਾਇਆ ਕਿ ਦਇਆ ਕਰਨੀ ਸਾਡਾ ਧਰਮ ਤਾਂ ਹੈ ਪਰ ਸਮਾਂ ਅਜਿਹਾ ਵਿੰਗਾ ਹੈ ਕਿ ਤੁਰਕਾਂ ਤੋਂ

Page 52

www.sikhbookclub.com