ਪੰਨਾ:ਸੁੰਦਰੀ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁੰਦਰੀ /65

ਸਮਝਾਇਆ, ਪਰ ਸਾਂਈਂ ਹੁਰੀਂ ਬੇਤੁਕੀਆਂ ਲਾਈ ਗਏ। ਕੰਨ ਡੋਲੇ ਵੱਲ ਸਨ ਮੂੰਹ ਅਮੀਰ ਵਲ ਸੀ, ਪਲ ਪਲ ਮਗਰੋਂ ਡੋਲੇ ਵਿਚੋਂ 'ਸੀ' 'ਸੀ' ਦੀ ਦਰਦ-ਭਰੀ ਸੋ ਨਿਕਲੇ। ਕੁਝ ਚਿਰ ਮਗਰੋਂ ਫ਼ਕੀਰ ਹੁਰੀਂ ਅੱਖਾਂ ਮੀਟ ਗਏ, ਕਿੰਨਾ ਚਿਰ ਐਉਂ ਬੈਠੇ ਰਹੇ, ਜਿੰਕੁਰ ਜੋਗੀ ਸਮਾਧੀ ਲਾਉਂਦਾ ਹੈ। ਫੇਰ ਅੱਖਾਂ ਖੋਲ੍ਹ ਕੇ ਬੋਲੇ, ‘ਸਰਦਾਰ ਸਾਹਿਬ! ਇਸ ਡੋਲੇ ਵਿਚ ਆਪਦੀ ਤੀਵੀਂ ਨਹੀਂ; ਗੈਰ ਔਰਤ ਹੈ, ਅਰ ਉਸ ਦੇ ਹੱਥ ਪੈਰ ਬੱਧੇ ਹੋਏ ਹਨ, ਇਹ ਅਸਾਂ ਗੈਬ ਦੇ ਇਲਮ ਨਾਲ ਡਿੱਠਾ ਹੈ। ਅਮੀਰ ਅਚੰਭਾ ਰਹਿ ਗਿਆ ਅਰ ਪੈਰੀਂ ਹੱਥ ਲਾ ਕੇ ਬੋਲਿਆ, 'ਹੇ ਵਲੀ ਸਾਂਈਂ ਦੇ! ਤੂੰ ਤਾਂ ਗੁੱਝਾ ਲਾਲ ਨਿਕਲ ਆਇਉਂ।

ਪਲ ਮਗਰੋਂ ਪੌਣ ਫਰਾਟੇ ਮਾਰਵੀਂ ਵਗਣ ਲਗੀ, ਲਹਿਰਾਂ ਨੇ ਜੋਸ਼ ਮਾਰਿਆ, ਬੇੜੀ ਹੇਠ ਉਤੇ ਹੋਣ ਲੱਗੀ। ਹੁਣ ਤਾਂ ਸਾਰੇ ਸਾਂਈਂ ਦੇ ਪੈਰੀਂ ਪਏ ਕਿ ਕੋਈ ਰੇਖ ਵਿਚ ਮੇਖ ਮਾਰੋ ਅਰ ਬੇੜੀ ਨੂੰ ਡੁੱਬਣੋਂ ਬਚਾਓ।

ਸਾਂਈਂ ਜੀ ਬੋਲੇ- ਦੇਖੋ! ਡੋਲੇ ਵਿਚ ਜੋ ਔਰਤ ਹੈ ਉਸ ਦੇ ਬੰਦ ਖੋਲ੍ਹ ਦਿਓ; ਡੋਲੀ ਵਿਚੋਂ ਉਸ ਨੂੰ ਕੱਢ ਲਓ ਅਤੇ ਡੋਲੀ ਨੂੰ ਨਦੀ ਵਿਚ ਸੁੱਟ ਦਿਓ, ਮੇਰਾ ਟੱਟੂ ਤੇ ਆਪਣਾ ਘੋੜਾ ਛੱਡ ਕੇ ਬਾਕੀ ਸਭ ਬੋਝ ਤੇ ਚੀਜ਼ਾਂ ਬੀ ਨਦੀ ਵਿਚ ਸੁੱਟ ਦਿਓ।

ਜਾਨ ਵੱਡੀ ਪਿਆਰੀ ਚੀਜ਼ ਹੈ; ਇਕ ਪਲ ਵਿਚ ਹੁਕਮ ਦੀ ਤਾਮੀਲ ਹੋ ਗਈ। ਫ਼ਕੀਰ ਜੀ ਉਸ ਇਸਤ੍ਰੀ ਦੀ, ਜੋ ਡੋਲੀਉਂ ਨਿਕਲੀ, ਸੂਰਤ ਵੇਖ ਕੇ ਬੋਲੇ, 'ਅੱਲਾਹ...! ਬੰਦ ਖੋਹਲੋ, ਇਹ ਤਾਂ ਬੰਦਗੀ ਵਾਲਾ ਚਿਹਰਾ ਹੈ, ਜਲਦੀ ਕਰੋ।

ਹੁਣ ਹਵਾ ਵੀ ਕੁਝ ਘਟੀ ਤੇ ਭਾਰ ਵੀ ਹੌਲਾ ਹੋ ਗਿਆ ਬੇੜੀ ਵੀ ਟਿਕ ਕੇ ਟੁਰ ਪਈ ਅਰ ਕੁਝ ਚਿਰ ਮਗਰੋਂ ਕੰਢੇ ਆ ਲੱਗੇ। ਕੰਢੇ ਤੇ ਪਹੁੰਚ ਕੇ ਇਕ ਖੁਲ੍ਹੀ ਥਾਂ ਉਤਾਰਾ ਕੀਤਾ ਗਿਆ। ਚਾਰ ਕੁਹਾਰ ਤੇ ਸਵਾਰ ਪਿੰਡ ਨੂੰ ਘੱਲੇ ਗਏ ਕਿ ਕੋਈ ਡੋਲਾ ਹੋਰ ਲਿਆਉਣ ਤੇ ਘੋੜਿਆਂ ਦਾ ਬੰਦੋਬਸਤ ਕਰਨ ਅਰ ਖਾਣ ਪੀਣ ਦਾ ਸਮਾਨ ਬੀ ਲਿਆਉਣ। ਆਪ ਅਮੀਰ ਸਾਹਿਬ ਜੀ ਦਰੀ ਪਰ ਇਕ ਪੇਚਵਾਨ ਰਖਕੇ ਤੱਕੀਏ ਦਾ ਢੇ ਲਾਕੇ ਬੈਠ ਗਏ ਤੇ ਕਮਰ-ਕੱਸਾ ਖੋਲ੍ਹ ਕੇ ਅੱਗੇ ਰੱਖ ਲਿਆ।