ਪੰਨਾ:ਸੂਫ਼ੀ-ਖ਼ਾਨਾ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂਰਜਹਾਂ ਬਾਦਸ਼ਾਹ ਬੇਗਮ*[1]


ਸ਼ਾਇਰ ਦੀ ਅਰਜ਼[ਧਾਰਨਾ ਮਿਰਜ਼ਾ ਸਾਹਿਬਾਂ

ਧੀ ਸੈਂ ਤੂੰ ਈਰਾਨ ਦੀ, ਹਿੰਦੁਸਤਾਨੀ ਨਾਰ,
ਭੈਣ ਬਣੀ ਪੰਜਾਬ ਦੀ, ਠਾਰਾਂ ਸਾਲ ਗੁਜ਼ਾਰ।

ਪੰਜਾਬਣ ਬਣ ਹਿਸਟਰੀ, ਹੋਈ ਤੇਰੀ ਮਦਾਮ,
ਇਹ ਕੰਮ ਕਰੇਂ ਤਾਂ ਰਹੇਗਾ, ਕਾਇਮ ਤੇਰਾ ਨਾਮ।

ਤੇਰੇ ਸਮੇਂ ਪੰਜਾਬ ਵਿਚ, ਜੋ ਸੀ ਮੇਲ ਮਿਲਾਪ,
ਓਹੋ ਵਕਤ ਵਿਖਾਲ ਦੇ, ਵਿੱਚ ਖਲੋ ਕੇ ਆਪ।

ਹਿੰਦੂ ਮੁਸਲਿਮ ਇੱਕ ਸਨ, ਇੱਕੋ ਮਾਂ ਦੇ ਲਾਲ,
ਜਪਦੇ ਰਾਮ ਰਹੀਮ ਨੂੰ, ਬਹਿ ਕੇ ਨਾਲੋਨਾਲ।

ਪਰ ਇਸ ਵੀਹਵੀਂ ਸਦੀ ਨੇ, ਡਿੱਠੇ ਉਹ ਉਹ ਹਾਲ,
ਸੱਚ ਸ਼ਰਮ ਦਾ ਮਾਰਿਆ, ਮੂੰਹ ਤੇ ਲਏ ਰੁਮਾਲ।

ਇਨਸਾਨੀਅਤ ਇਸ ਤਰ੍ਹਾਂ ਹੋ ਗਈ ਲਹੂ ਲੁਹਾਣ,
ਵਰਕੇ ਭੀ ਤਾਰੀਖ਼ ਦੇ, ਅੱਖਾਂ ਪਏ ਲੁਕਾਣ।

ਸਿਖਰ ਚੜ੍ਹੇ ਇਖ਼ਲਾਕ ਨੂੰ, ਧੁਰ ਥੱਲੇ ਪਟਕਾ,
ਸੋਨੇ ਦੀ ਝਲਕਾਰ ਨੇ, ਲਿਆ ਗ਼ੁਲਾਮ ਬਣਾ।

ਚਿੱਕੜ ਭਰੀਆਂ ਆਤਮਾਂ, ਮੁਰਦਾ ਹੋਏ ਜ਼ਮੀਰ,
ਫਿਰ ਗਈ ਧਰਮ ਇਮਾਨ ਦੀ, ਗਰਦਨ ਤੇ ਸ਼ਮਸ਼ੀਰ।


-੧੦੪-

  1. *ਸਫ਼ਾ ਸੌ ਵਾਲੀ ਕਵਿਤਾ ਦਾ ਅਖ਼ੀਰੀ ਹਿਸਾ